ਪਰਮਵੀਰ ਸਿੰਘ, ਸੰਘੋਲ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਕੁਲ ਹਿੰਦ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਜਥੇਬੰਦੀ ਦੇ ਸੱਦੇ ਤੇ ਮੰਗਾਂ ਨੂੰ ਲੈ ਕੇ ਲੜੀਵਾਰ ਧਰਨਾ ਦਿੱਤਾ ਜਾ ਰਿਹਾ ਹੈ। ਮੁਲਾਜ਼ਮ ਯੂਨੀਅਨ ਦੇ ਬਲਾਕ ਖਮਾਣੋਂ ਦੇ ਸੀਨੀਅਰ ਮੀਤ ਪ੍ਰਧਾਨ ਸਤਵੰਤ ਕੌਰ ਨੇ ਦੱਸਿਆ ਕਿ ਕਰੀਬ 45 ਸਾਲ ਤੋਂ ਮੁਲਾਜ਼ਮ ਸਰਕਾਰੀ ਕਰਮਚਾਰੀ ਦਾ ਦਰਜਾ ਲੈਣ ਤੇ ਸਮਾਜਿਕ ਸੁਰੱਖਿਆ ਲਈ ਪੈਨਸ਼ਨ ਦਾ ਅਧਿਕਾਰ ਲੈਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ, ਜਿਸ ਕਾਰਨ ਮੁਲਾਜ਼ਮ ਆਪਣੇ ਹੱਕ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹਨ। ਮੁਲਜ਼ਮਾਂ ਤੇ ਕਥਿਤ ਦਬਾਅ ਪਾ ਕੇ ਉਨ੍ਹਾਂ ਤੋਂ ਵਾਧੂ ਕੰਮ ਲਿਆ ਜਾਂਦਾ ਹੈ। ਜਦੋਂਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਗੂਣਾ ਮਾਣ ਭੱਤਾ ਦਿੱਤਾ ਜਾਂਦਾ ਹੈ। ਅਜੋਕੇ ਸਮੇਂ ਵਿੱਚ ਏਨੀ ਘੱਟ ਰਕਮ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਕਾਰਜ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਆਂਗਣਵਾੜੀ ਕੇਂਦਰਾਂ ਨੂੰ ਦਿੱਤੇ ਜਾਂਦੇ ਹੋਰਨਾਂ ਭੱਤਿਆ 'ਚ ਵੀ ਲਗਤਾਰ ਕਟੌਤੀ ਕੀਤੀ ਜਾ ਰਹੀ ਹੈ।

ਮਾਮਲੇ 'ਚ ਸਰਕਾਰ ਤੋਂ ਹਰਿਆਣਾ ਦੀ ਤਰਜ਼ ਤੇ ਸਹੂਲਤਾਂ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ 17 ਮਾਰਚ ਤੋਂ ਸੰਗਰੂਰ ਵਿੱਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਘਰ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸਬੰਧ 'ਚ ਬੀਤੇ ਦਿਨ ਬਲਾਕ ਖਮਾਣੋਂ ਤੋਂ ਧਰਨੇ ਲਈ ਜਥਾ ਰਵਾਨਾ ਹੋਇਆ। ਇਸ ਮੌਕੇ ਸਕੱਤਰ ਇੰਦਰਪਾਲ ਕੌਰ, ਅਰਵਿੰਦਰ ਕੌਰ, ਦਵਿੰਦਰ ਕੌਰ, ਬਲਬੀਰ ਕੌਰ, ਕਰਮਜੀਤ ਕੌਰ ਆਦਿ ਹਾਜ਼ਰ ਸਨ।

Posted By: Amita Verma