ਰਣਜੋਧ ਸਿੰਘ ਔਜਲਾ, ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਸ਼ਿਨਰ ਅੰਮਿ੍ਤ ਕੌਰ ਗਿੱਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਸੰਧੂ ਵਿਚਾਲੇ ਪੈਦਾ ਹੋਇਆ ਵਿਵਾਦ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਦਰਬਾਰ ਪੁੱਜ ਗਿਆ।

ਸ਼ਨਿਚਰਵਾਰ ਨੂੰ ਜੁਆਇੰਟ ਐਕਸ਼ਨ ਕਮੇਟੀ ਨੇ ਸੰਧੂ ਨੂੰ ਨਾਲ ਲੈ ਕੇ ਕਾਦੀਆਂ ਵਿਖੇ ਪੰਚਾਇਤ ਮੰਤਰੀ ਬਾਜਵਾ ਨਾਲ ਉਨ੍ਹਾਂ ਦੀ ਕਾਦੀਆਂ ਸਥਿਤ ਕੋਠੀ ਵਿਖੇ ਮੁਲਾਕਾਤ ਕੀਤੀ। ਮੰਤਰੀ ਨੇ ਕਮੇਟੀ ਦਾ ਪੱਖ ਸੁਣਨ ਤੋਂ ਬਾਅਦ ਏਡੀਸੀ ਸੰਧੂ ਨੂੰ ਨਸੀਹਤ ਦਿੰਦਿਆਂ ਕਿਹਾ, 'ਤੁਸੀਂ ਮੂੰਹ 'ਤੇ ਚੇਪੀ ਲਾਓ, ਸੋਮਵਾਰ ਨੂੰ ਡੀਸੀ ਨੂੰ ਚੰਡੀਗੜ੍ਹ ਵਿਖੇ ਤਲਬ ਕੀਤਾ ਗਿਆ ਹੈ। ਬੈਠ ਕੇ ਮਸਲਾ ਹੱਲ ਕਰ ਦਿੰਦੇ ਹਾਂ...।'

ਜੁਆਇੰਟ ਕਮੇਟੀ ਦੇ ਬੁਲਾਰੇ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਬਾਜਵਾ ਨੇ ਗੌਰ ਨਾਲ ਉਨ੍ਹਾਂ ਦਾ ਪੱਖ ਸੁਣਿਆ ਅਤੇ ਮੰਨਿਆ ਕਿ ਜੋ ਵੀ ਉਨ੍ਹਾਂ ਜੋ ਵੀ ਡੀਸੀ ਬਾਰੇ ਫੀਡਬੈਕ ਮੰਗਵਾਈ ਹੈ ਉਸ 'ਚ ਡੀਸੀ ਦੀ ਗ਼ਲਤੀ ਸਾਹਮਣੇ ਆਈ ਹੈ, ਫਿਰ ਵੀ ਉਹ ਨਿੱਜੀ ਤੌਰ 'ਤੇ ਡੀਸੀ ਦਾ ਪੱਖ ਜਾਣਨਾ ਚਾਹੁੰਦੇ ਹਨ ਜਿਸ ਕਰ ਕੇ ਉਨ੍ਹਾਂ ਡੀਸੀ ਨੂੰ ਸੋਮਵਾਰ ਨੂੰ ਚੰਡੀਗੜ੍ਹ ਸੱਦਿਆ ਹੈ।

ਉੱਥੇ ਦੋਵਾਂ ਧਿਰਾਂ ਦੀ ਮੌਜੂਦਗੀ 'ਚ ਸੁਣਵਾਈ ਕਰ ਕੇ ਉਹ ਆਪਣਾ ਫ਼ੈਸਲਾ ਦੇਣਗੇ। ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਫ਼ੈਸਲਾ ਲਿਆ ਜਾਵੇਗਾ ਉਹ ਅਧਿਕਾਰੀਆਂ ਦੇ ਸਨਮਾਨ ਦੇ ਮੱਦੇਨਜ਼ਰ ਲਿਆ ਜਾਵੇਗਾ।

ਇਸ ਦੇ ਨਾਲ ਹੀ ਜੁਆਇੰਟ ਐਕਸ਼ਨ ਕਮੇਟੀ ਨੇ ਇਹ ਗੱਲ ਵੀ ਸਾਫ਼ ਕਰ ਦਿੱਤੀ ਕਿ ਜੇ ਕੋਈ ਵੀ ਫ਼ੈਸਲਾ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਜਾਂ ਕਿਸੇ ਦਬਾਅ 'ਚ ਹੋਇਆ ਤਾਂ ਉਹ ਉਸ ਨੂੰ ਪ੍ਰਵਾਨ ਨਹੀਂ ਕਰਨਗੇ ਅਤੇ ਸੂਬਾ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਜੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ 'ਚ ਰੱਖ ਕੇ ਫ਼ੈਸਲਾ ਕੀਤਾ ਗਿਆ ਤਾਂ ਉਹ ਪ੍ਰਵਾਨ ਕਰਦਿਆਂ ਹੜਤਾਲ ਖ਼ਤਮ ਕਰ ਦਿੱਤੀ ਜਾਵੇਗੀ। ਜਦੋਂ ਇਸ ਸਬੰਧੀ ਏਡੀਸੀ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਹੜਾ ਵੀ ਫ਼ੈਸਲਾ ਲੈਣਾ ਹੈ ਉਹ ਜੁਆਇੰਟ ਕਮੇਟੀ ਨੇ ਹੀ ਲੈਣਾ ਇਸ ਕਰ ਕੇ ਉਹ ਕੁਝ ਵੀ ਨਹੀਂ ਕਹਿਣਾ ਚਾਹੁੰਦੇ।