ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਸੀਆਈਏ ਸਟਾਫ਼ ਸਰਹਿੰਦ ਪੁਲਿਸ ਨੇ ਲੁੱਟਾ-ਖੋਹਾਂ ਕਰਨ ਵਾਲੇ ਿੁਗਰੋਹ ਦੇ ਪੰਜ ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਕੋਲੋਂ ਚੋਰੀ ਦਾ ਕੈਂਟਰ ਤੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਪੀ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਇੰਸਪੈਕਟਰ ਗੱਬਰ ਸਿੰਘ ਇੰਚਾਰਜ ਸੀਆਈਏ ਸਟਾਫ ਸਰਹਿੰਦ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਰਾਤ ਦੇ ਸਮੇਂ ਟਰੱਕ/ਕੈਂਟਰਾਂ ਨੂੰ ਘੇਰ ਕੇ ਉਨ੍ਹਾਂ ਦੇ ਚਾਲਕਾਂ ਦੀ ਕੁੱਟਮਾਰ ਕਰਕੇ ਟਰੱਕ ਕੈਂਟਰ ਖੋਹਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗਿ੍ਫਤਾਰ ਕੀਤਾ ਹੈ, ਜਦੋਂ ਕਿ ਦੋ ਮੈਂਬਰਾਂ ਦੀ ਭਾਲ ਜਾਰੀ ਹੈ। ਇਸ ਗਿਰੋਹ ਵਿਚ ਸ਼ਾਮਲ ਰਾਜੀਵ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ, ਸੰਜੀਵ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ, ਸੰਜੇ ਸ਼ਰਮਾ ਵਾਸੀ ਝਾਰਖੰਡ ਹਾਲ ਕਿਰਾਏਦਾਰ ਮੰਡੀ ਗੋਬਿੰਦਗੜ੍ਹ, ਰਵੀ ਕੁਮਾਰ ਵਾਸੀ ਖੰਨਾ, ਰਾਹੁਲ ਕੁਮਾਰ ਵਾਸੀ ਯੂਪੀ ਹਾਲ ਮੰਡੀ ਗੋਬਿੰਦਗੜ੍ਹ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਬਿੱਟੂ ਵਾਸੀ ਖੰਨਾ ਅਤੇ ਮਨੀਸ਼ ਵਾਸੀ ਮੰਡੀ ਗੋਬਿੰਦਗੜ੍ਹ ਦੀ ਭਾਲ ਜਾਰੀ ਹੈ।

ਗਿ੍ਫਤਾਰ ਕੀਤੇ ਵਿਅਕਤੀਆਂ ਵਿਚੋਂ ਜ਼ਿਆਦਾਤਰ ਬਾਹਰਲੀਆਂ ਸੂਬਿਆਂ ਨਾਲ ਸਬੰਧਤ ਹਨ, ਜੋ ਕਿ ਹੁਣ ਕਿਰਾਏ 'ਤੇ ਮੰਡੀ ਗੋਬਿੰਦਗੜ੍ਹ ਏਰੀਏ ਵਿਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਚ ਸੁਨਾਮ ਭਵਾਨੀਗੜ੍ਹ ਰੋਡ ਤੋਂ ਸਕਰੈਪ ਨਾਲ ਲੋਡ ਇਕ ਕੈਂਟਰ ਦੀ ਖੋਹ ਕੀਤੀ ਸੀ ਅਤੇ ਡਰਾਈਵਰ ਦੀ ਕੁੱਟਮਾਰ ਕਰਕੇ ਨਾਲ ਲੱਗਦੀ ਮੋਟਰ 'ਤੇ ਸੁੱਟ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੈਂਟਰ ਨੂੰ ਜਾਅਲੀ ਨੰਬਰ ਲਾ ਕੇ ਵੇਚਣ ਲਈ ਮੰਡੀ ਗੋਬਿੰਦਗੜ੍ਹ ਵਿਖੇ ਆਏ ਸਨ, ਜਿਥੇ ਇਸ ਕੈਂਟਰ ਸਮੇਤ ਉਕਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੀ ਕਾਰ, ਲੋਹਾ ਰਾਡ, ਦਾਤਰ ਅਤੇ ਡੰਡੇ ਵੀ ਬਰਾਮਦ ਕਰ ਲਏ ਗਏ ਹਨ। ਉਕਤ ਵਿਅਕਤੀਆਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।