ਰਾਜਿੰਦਰ ਸ਼ਰਮਾ, ਬੱਸੀ ਪਠਾਣਾ : ਡਿਪਟੀ ਕਮਿਸ਼ਨਰ ਅੰਮਿ੍ਤ ਕੌਰ ਗਿੱਲ ਵੱਲੋਂ ਕੋਰੋਨਾ ਮਹਾਮਾਰੀ ਕਾਰਨ ਜ਼ਿਲ੍ਹੇ ਭਰ 'ਚ ਦੁਕਾਨਾਂ ਨੂੰ ਖੱਬਾ ਪਾਸਾ ਅਤੇ ਸੱਜਾ ਪਾਸਾ ਦੇ ਸਿਧਾਂਤ ਤਹਿਤ ਦੁਕਾਨਾਂ ਖੋਲ੍ਹਣ ਦੇ ਹੁਕਮਾਂ ਨੂੰ ਪੁਲਿਸ ਪ੍ਰਸ਼ਾਸਨ ਸਖਤੀ ਨਾਲ ਲਾਗੂ ਕਰਵਾ ਰਿਹਾ ਹੈ। ਐੱਸਐੱਚਓ ਮਨਪ੍ਰਰੀਤ ਸਿੰਘ ਦਿਓਲ, ਚੌਕੀ ਇੰਚਾਰਜ ਕੁਲਵਿੰਦਰ ਸਿੰਘ ਵੱਲੋਂ ਲਗਾਤਾਰ ਪੁਲਿਸ ਪਾਰਟੀਆਂ ਨਾਲ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕਰਕੇ ਦੁਕਾਨਦਾਰਾਂ ਨੂੰ ਖੱਬੇ ਤੇ ਸੱਜੇ ਪਾਸੇ ਦੇ ਸਿਧਾਤਾਂ ਮੁਤਾਬਕ ਦੁਕਾਨਾਂ ਖੋਲ੍ਹਣ ਲਈ ਪ੍ਰਰੇਰਿਤ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਮੋਟੇ ਵਾਲਾ ਚੌਕ, ਨਿੰਮ ਵਾਲਾ ਚੌਕ, ਸਿਟੀ ਬਾਜ਼ਾਰ, ਬੱਸ ਸਟੈਂਡ ਆਦਿ ਹੋਰਨਾਂ ਇਲਾਕਿਆਂ 'ਚ ਪੁਲਿਸ ਪਾਰਟੀਆਂ ਵੱਲੋਂ ਲਗਾਤਾਰ ਪੈਟਰੋਲਿੰਗ ਕਰਕੇ ਨਿਯਮਾਂ ਨੂੰ ਤੋੜਨ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਐੱਸਐੱਚਓ ਦਿਓਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ 'ਚ ਸ਼ਹਿਰ ਵਾਸੀਆਂ, ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਐਲਾਨੇ ਗਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜਿਹੜੇ ਸ਼ਹਿਰ ਵਾਸੀ ਆਮ ਲੋਕ ਅਤੇ ਦੁਕਾਨਦਾਰ ਨਿਯਮਾਂ ਨੂੰ ਤੋੜਨਗੇ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਚੌਕੀ ਇੰਚਾਰਜ ਕੁਲਵਿੰਦਰ ਸਿੰਘ, ਸੀਨੀਅਰ ਕਾਂਗਰਸੀ ਅਸ਼ੋਕ ਟੂਲਾਨੀ ਅਤੇ ਹੋਰ ਪੁਲਿਸ ਮੁਲਾਜ਼ਮ ਮੌਜੂਦ ਸਨ।