ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ: ਕੋਵਿਡ ਵਿਰੁੱਧ ਸੂਬੇ ਦੀ ਲੜਾਈ ਨੂੰ ਹੋਰ ਤੇਜ਼ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਫਤਹਿ ਕਿੱਟ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਘਰਾਂ 'ਚ ਏਕਾਂਤਵਾਸ ਮਰੀਜ਼ਾਂ ਨੂੰ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਨੂੰ ਕੋਰੋਨਾ ਫ਼ਤਹਿ ਕਿੱਟਾਂ ਵੰਡਣ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਮਾਤ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕਿੱਟ 'ਚ 18 ਵਸਤਾਂ ਹਨ, ਜਿਨ੍ਹਾਂ 'ਚ ਪਲਸ ਆਕਸੀਮੀਟਰ, ਡਿਜੀਟਲ ਥਰਮੋਮੀਟਰ, ਜ਼ਰੂਰੀ ਦਵਾਈਆਂ ਅਤੇ ਕਾੜ੍ਹੇ ਤੋਂ ਇਲਾਵਾ ਸਬੰਧਤ ਸਿੱਖਿਆ ਸਮੱਗਰੀ ਅਤੇ ਦਵਾਈਆਂ ਦੀ ਵਰਤੋਂ ਬਾਰੇ ਹਦਾਇਤਾਂ ਸ਼ਾਮਲ ਹਨ। ਇਸ ਮੌਕੇ ਏਡੀਸੀ ਅਨੁਪਿ੍ਰਤਾ ਜੌਹਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤਕ 35,017 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 33,010 ਨੈਗੇਟਿਵ ਆਏ ਹਨ ਤੇ ਪਾਜ਼ੇਟਿਵ ਆਏ 1,799 ਮਰੀਜ਼ਾਂ 'ਚੋਂ 1,495 ਇਸ ਬਿਮਾਰੀ ਨੂੰ ਮਾਤ ਦੇ ਚੁੱਕੇ ਹਨ ਤੇ 208 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹੇ 'ਚ 227 ਐਕਟਿਵ ਕੇਸ ਹਨ ਤੇ ਇਸ ਬਿਮਾਰੀ ਨਾਲ ਹੁਣ ਤਕ 77 ਮੌਤਾਂ ਹੋਈਆਂ ਹਨ। ਇਸ ਮੌਕੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਪ੍ਰਸ਼ੋਤਮ ਦਾਸ, ਐੱਸਐੱਮਓ ਡਾ. ਕੁਲਦੀਪ ਸਿੰਘ ਮੌਜੂਦ ਸਨ।