ਕੌਂਸਲ ਚੋਣਾਂ ਦਾ ਬਦਲਿਆ ਸਮੀਕਰਨ: ਬਾਗੀ ਤੇ ਆਜ਼ਾਦ ਉਮੀਦਵਾਰ ਵਿਗਾੜਨਗੇ ਸਿਆਸੀ ਪਾਰਟੀਆਂ ਦੀ ਖੇਡ!
ਨਗਰ ਕੌਂਸਲ ਚੋਣਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ, ਜਿਸ ਵੀ ਰਾਜਨੀਤਿਕ ਪਾਰਟੀ ਦੀ ਇਹ ਨੀਂਹ ਮਜ਼ਬੂਤ ਹੋਵੇਗੀ, ਉਸ ਦਾ ਜਲਵਾ ਵਿਧਾਨ ਸਭਾ ਹੀ ਨਹੀਂ ਸਗੋਂ ਲੋਕ ਸਭਾ ਚੋਣਾਂ ਵਿਚ ਵੀ ਦੇਖਣ ਨੂੰ ਮਿਲਦਾ ਹੈ। ਪਰ ਇਸ ਵਾਰ ਬਹੁ ਗਿਣਤੀ ਵਿਚ ਡਟੇ ਆਜ਼ਾਦ ਅਤੇ ਬਾਗੀਆਂ ਦੇ ਨਾਲ-ਨਾਲ ਕੁੱਝ ਕਮਜ਼ੋਰ ਉਤਾਰੇ ਉਮੀਦਵਾਰ ਰਾਜਨੀਤਿਕ ਪਾਰਟੀਆਂ ਦਾ ਚੋਣ ਖੇਡ ਵਿਗਾੜਦੇ ਦਿਖਾਈ ਦੇ ਰਹੇ ਹਨ ਜੇ ਪੰਜਾਬ ਦੀ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇੰਝ ਲੱਗਦਾ ਹੈ ਕਿ ਨਵਿਆਂ ’ਤੇ ਭਰੋਸਾ ਤੇ ਪੁਰਾਣਿਆਂ ਤੋਂ ਦੂਰੀ ਪਾਰਟੀ ਨੂੰ ਭਾਰੀ ਪੈ ਸਕਦੀ ਹੈ।
Publish Date: Sun, 24 May 2026 12:47 PM (IST)
Updated Date: Sun, 24 May 2026 12:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ। ਨਗਰ ਕੌਂਸਲ ਚੋਣਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ, ਜਿਸ ਵੀ ਰਾਜਨੀਤਿਕ ਪਾਰਟੀ ਦੀ ਇਹ ਨੀਂਹ ਮਜ਼ਬੂਤ ਹੋਵੇਗੀ, ਉਸ ਦਾ ਜਲਵਾ ਵਿਧਾਨ ਸਭਾ ਹੀ ਨਹੀਂ ਸਗੋਂ ਲੋਕ ਸਭਾ ਚੋਣਾਂ ਵਿਚ ਵੀ ਦੇਖਣ ਨੂੰ ਮਿਲਦਾ ਹੈ। ਪਰ ਇਸ ਵਾਰ ਬਹੁ ਗਿਣਤੀ ਵਿਚ ਡਟੇ ਆਜ਼ਾਦ ਅਤੇ ਬਾਗੀਆਂ ਦੇ ਨਾਲ-ਨਾਲ ਕੁਝ ਕਮਜ਼ੋਰ ਉਤਾਰੇ ਉਮੀਦਵਾਰ ਰਾਜਨੀਤਿਕ ਪਾਰਟੀਆਂ ਦਾ ਚੋਣ ਖੇਡ ਵਿਗਾੜਦੇ ਦਿਖਾਈ ਦੇ ਰਹੇ ਹਨ ਜੇ ਪੰਜਾਬ ਦੀ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇੰਝ ਲੱਗਦਾ ਹੈ ਕਿ ਨਵਿਆਂ ’ਤੇ ਭਰੋਸਾ ਤੇ ਪੁਰਾਣਿਆਂ ਤੋਂ ਦੂਰੀ ਪਾਰਟੀ ਨੂੰ ਭਾਰੀ ਪੈ ਸਕਦੀ ਹੈ।
ਪਾਰਟੀ ਦੇ ਕੁਝ ਮਿਹਨਤੀ ਵਰਕਰ ਨਾਰਾਜ਼ ਹੋ ਕੇ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿਚ ਨਿਤਰ ਆਏ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਕੁੱਝ ਪੁਰਾਣੇ ਸੀਨੀਅਰ ਸੀਨੀਅਰ ਆਗੂ ਘਰ-ਘਰ ਜਾਂ ਲੋਕਾਂ ਨੂੰ ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਸ਼ਹਿਰੀ ਪ੍ਰਧਾਨ ਨੀਤੂ ਸ਼ਰਮਾ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋ ਕੇ ਕਾਂਗਰਸ ਵਿਚ ਸ਼ਾਮਲ ਹੋ ਚੁੱਕੀ ਹੈ ਅਤੇ ਹੱਥ ਪੰਜੇ ਚੋਣ ਨਿਸ਼ਾਨ ’ਤੇ ਆਪਣੀ ਪੁਰਾਣੀ ਪਾਰਟੀ ਨੂੰ ਚੁਣੌਤੀ ਦੇ ਰਹੀ ਹੈ।
ਇਸ ਦੇ ਇਲਾਵਾ 15 ਵਾਰਡਾਂ ਵਾਲੀ ਇਸ ਨਗਰ ਕੌਂਸਲ ਦੀਆਂ ਚੋਣਾਂ ’ਚ ਆਪਣੀ ਕਿਸਮਤ ਅਜ਼ਮਾਉਣ ਲਈ ਨਿੱਤਰੇ 32 ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦੀ ਪ੍ਰਭਾਵੀ ਮੁਹਿੰਮ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ‘ਆਪ’ ਤੋਂ ਨਾਰਾਜ਼ ਮਿੰਟੂ ਬਾਜਵਾ ਨੇ ਆਪਣੀ ਧਰਮ ਪਤਨੀ ਸੁਖਦੀਪ ਕੌਰ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ, ਜਦ ਕਿ ਲਾਲੀ ਲੰਬੜ ਦੇ ਨਾਂ ਨਾਲ ਮਸ਼ਹੂਰ ਪਰਮਵੀਰ ਸਿੰਘ ਵੀ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਪਾਰਟੀ ਉਮੀਦਵਾਰ ਲਈ ਸਿਰ ਦਰਦ ਬਣੇ ਹੋਏ ਹਨ।
ਮਿੰਟੂ ਬਾਜਵਾ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ ਉਨ੍ਹਾਂ ਨੂੰ ਵਾਰਡ ਵਿਚ ਤਿਆਰੀ ਕਰਨ ਲਈ ਕਿਹਾ ਗਿਆ ਸੀ ਅਤੇ ਹੁਣ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਪਾਰਟੀ ਵੱਲੋਂ ਆਪਣੇ ਮਿਹਨਤੀ ਵਰਕਰ ਨੂੰ ਨਜ਼ਰ ਅੰਦਾਜ਼ ਕਰਨ ਅਤੇ ਵਾਅਦਾ ਖ਼ਿਲਾਫ਼ੀ ਕਰਕੇ ਇਕ ਹੀ ਘਰ ਵਿਚ ਦੋ ਟਿਕਟਾਂ ਦੇਣ ’ਤੇ ਵੀ ਸਵਾਲ ਖੜ੍ਹਾ ਕੀਤਾ ਹੈ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਪੁਰਾਣੇ ਅਤੇ ਸੀਨੀਅਰ ਅਹੁਦੇਦਾਰ ਕਿਸ਼ੋਰੀ ਲਾਲ ਚੁੱਘ ਵੀ ਆਜ਼ਾਦ ਦੇ ਤੌਰ ’ਤੇ ਚੋਣ ਮੈਦਾਨ ਵਿਚ ਹਨ। ਚਰਚਾ ਇਹ ਵੀ ਹੈ ਕਿ ਵਿਧਾਨ ਸਭਾ ਚੋਣ ਲਈ ਟਿਕਟ ਦੇ ਇਕ ਦਾਅਵੇਦਾਰ ਅਤੇ ਹੋਰ ਕਈ ਸੀਨਅਰ ਆਗੂਆਂ ਵੱਲੋਂ ਵੱਖ-ਵੱਖ ਵਾਰਡਾਂ ’ਚ ਉਮੀਦਵਾਰ ਖੜੇ ਕਰਕੇ ਆਜ਼ਾਦ ਦੇ ਤੌਰ ’ਤੇ ਚੋਣ ਹੀ ਨਹੀਂ ਲੜਾਈ ਜਾ ਰਹੀ ਹੈ, ਸਗੋਂ ਘਰ-ਘਰ ਜਾ ਕੇ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ, ਜੋ ਪਿਛਲੀ ਵਾਰ ਕਾਫ਼ੀ ਸਮਾਂ ਨਗਰ ਕੌਂਸਲ ਦੀ ਸੱਤਾ ’ਤੇ ਕਾਬਜ ਰਹੀ ਕਾਂਗਰਸ ਪਾਰਟੀ ਦਾ ਸਮੀਕਰਨ ਵਿਗਾੜ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਕ ਪਾਸੇ ਰਾਜਨੀਤਕ ਆਗੂ ਇਹ ਦਾਅਵਾ ਕਰਦੇ ਨਹੀਂ ਥਕਦੇ ਕਿ ਨਗਰ ਕੌਂਸਲ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ, ਜੋ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬਨੇਗੀ, ਪਰ ਹੈਰਾਨੀ ਦੀ ਗੱਲ ਹੈ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਉਤਾਰੇ ਕਈ ਕਮਜ਼ੋਰ ਉਮੀਦਵਾਰ ਆਪਣੀਆਂ ਹੀ ਪਾਰਟੀ ਦੀਆਂ ਕਮਜ਼ੋਰੀ ਨੂੰ ਉਜਾਗਰ ਕਰ ਰਹੇ ਹਨ।
ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਬਾਗੀ ਅਤੇ ਆਜ਼ਾਦ ਉਮੀਦਵਾਰ ਰਾਜਨੀਤਿਕ ਪਾਰਟੀਆਂ ਨੂੰ ਨਗਰ ਕੌਂਸਲ ਦੀ ਸੱਤਾ ਮਿਲਣ ਵਿਚ ਕਿੰਨਾ ਕੁੱ ਅੜੀਕਾ ਲਾਉਂਦੇ ਹਨ ਅਤੇ ਕਿਸ ਦਾ ਰਾਹ ਪੱਧਰਾ ਕਰਦੇ ਹਨ। ਪਰ ਅਸਲੀ ਚਾਬੀ ਵੋਟਰਾਂ ਦੇ ਹੱਥ ਵਿਚ ਹੋਵੇਗੀ ਜੋ ਕਿਸ ਉਮੀਦਵਾਰ ਦੀ ਕਿਸਮਤ ਦਾ ਜਿੰਦਰਾ ਖੋਲ੍ਹੇਗੀ, ਇਹ ਆਉਣ ਵਾਲੀ 29 ਮਈ ਨੂੰ ਪਤਾ ਚੱਲੇਗਾ।