ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਸਿਵਲ ਸਰਜਨ ਡਾ.ਐੱਸਪੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਨੂੰ ਸੌ ਫ਼ੀਸਦੀ ਕੋਰੋਨਾ ਵੈਕਸੀਨੇਟ ਕਰਨ ਲਈ 18 ਅਤੇ 19 ਸਤੰਬਰ ਨੂੰ ਦੋ ਦਿਨਾ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਕੋਰੋਨਾ ਵੈਕਸੀਨੇਸ਼ਨ ਦੇ ਸਪੈਸ਼ਲ ਕੈਂਪ ਲਗਾਏ ਗਏ। ਬੱਸੀ ਪਠਾਣਾਂ ਅਤੇ ਫਤਹਿਗੜ੍ਹ ਸਾਹਿਬ ਅੰਦਰ ਅੰਦਰ ਘਰ ਫੇਰੀ ਟੀਮਾਂ ਦੁਆਰਾ ਘਰ-ਘਰ ਜਾ ਕੇ ਕੈਂਪ 'ਚ ਨਾ ਪਹੁੰਚ ਸਕਣ ਵਾਲਿਆਂ ਨੂੰ ਕੋਰੋਨਾ ਵਿਰੁੱਧ ਵੈਕਸੀਨੇਟ ਕੀਤਾ ਗਿਆ। ਇਨਾਂ੍ਹ ਕੈਂਪਾਂ ਦਾ ਸਮਾਂ ਵੀ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਰੱਖਿਆ ਗਿਆ। ਇਨਾਂ੍ਹ ਕੈਂਪਾਂ ਦੀ ਸੁਪਰਵੀਜ਼ਨ ਕਰਨ ਲਈ ਜ਼ਿਲ੍ਹਾ ਪੱਧਰ ਤੋਂ 4 ਸੁਪਰਵਾਈਜ਼ਰੀ ਟੀਮਾਂ ਦਾ ਗਠਨ ਵੀ ਕੀਤਾ ਗਿਆ। ਹਮਾਂਯੂੰਪੁਰ ਸਰਹਿੰਦ ਵਿਖੇ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਤੋਂ ਮੁਕਤੀ ਲਈ ਵੈਕਸੀਨ ਲਗਵਾਈ ਜਾਵੇ, ਜੋ ਤੁਹਾਡੇ ਬੱਚਿਆਂ ਦੀ ਭਵਿੱਖ ਲਈ ਵੀ ਲਾਭਕਾਰੀ ਹੋਵੇਗੀ। ਸਿਵਲ ਸਰਜਨ ਡਾ.ਐੱਸਪੀ ਸਿੰਘ ਨੇ ਦੱਸਿਆ ਕਿ ਇਨਾਂ੍ਹ ਸਪੈਸ਼ਲ ਕੈਂਪਾਂ ਦਾ ਲੋਕਾਂ ਨੇ ਭਰਪੂਰ ਫ਼ਾਇਦਾ ਉਠਾਇਆ, ਦੋ ਦਿਨਾਂ ਚੱਲੀ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 12 ਪਿੰਡਾਂ ਨੂੰ ਸੌ ਫ਼ੀਸਦੀ ਕੋਰੋਨਾ ਵੈਕਸੀਨੇਟ ਕੀਤਾ ਗਿਆ। ਮੁਹਿੰਮ ਸਬੰਧੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ 41 ਪਿੰਡਾਂ ਵਿੱਚ 18 ਸਾਲ ਅਤੇ ਇਸ ਤੋਂ ਵੱਧ ਦੀ ਉਮਰ ਵਾਲੇ ਵਿਅਕਤੀਆਂ ਨੂੰ ਸੌ ਫ਼ੀਸਦੀ ਵੈਕਸੀਨੇਟ ਕੀਤਾ ਜਾ ਚੁੱਕਾ ਹੈ। 18 ਸਤੰਬਰ ਨੂੰ ਲੱਗਣ ਵਾਲੇ ਕੈਂਪ ਵਿਚ 12593 ਲਾਭਪਾਤਰੀਆਂ ਨੂੰ ਇਹ ਟੀਕਾ ਲਗਾਇਆ ਗਿਆ ਸੀ ਅਤੇ 19 ਸਤੰਬਰ ਨੂੰ ਰਿਪੋਰਟ ਲਿਖਣ ਤਕ 9007 ਲਾਭਪਾਤਰੀਆਂ ਨੂੰ ਇਹ ਟੀਕਾ ਦਿੱਤਾ ਜਾ ਚੁੱਕਾ ਹੈ ਜਦਕਿ ਇਹ ਕੈਂਪ ਸ਼ਾਮ 6 ਵਜੇ ਤੱਕ ਜਾਰੀ ਰਹਿਣਗੇ।