ਪੱਤਰ ਪੇ੍ਰਕ,ਫ਼ਤਹਿਗੜ੍ਹ ਸਾਹਿਬ: ਮਿਸ਼ਨ ਫ਼ਤਹਿ ਤਹਿਤ ਕੋਰੋਨਾ ਖ਼ਿਲਾਫ਼ ਲੜੀ ਜਾ ਰਹੀ ਜੰਗ ਨੂੰ ਹੋਰ ਤੇਜ਼ ਕਰਨ ਲਈ ਆਰੰਭੀ 'ਕੋਰੋਨਾ ਮੁਕਤ ਫ਼ਤਹਿਗੜ੍ਹ ਸਾਹਿਬ' ਮੁਹਿੰਮ ਤਹਿਤ ਜਿੱਥੇ ਕੋਰੋਨਾ ਸਬੰਧੀ ਵੱਧ ਤੋਂ ਵੱਧ ਸੈਂਪਲ ਲਏ ਜਾ ਰਹੇ ਹਨ, ਉਥੇ ਜਿਹੜੀਆਂ ਦੁਕਾਨਾਂ ਜਾਂ ਸੰਸਥਾਵਾਂ ਦਾ ਸਾਰਾ ਅਮਲਾ ਕੋਰੋਨਾ ਨੈਗੇਟਿਵ ਆ ਰਿਹਾ ਹੈ, ਉਨ੍ਹਾਂ ਦੇ ਬਾਹਰ ਕੋਰੋਨਾ ਮੁਕਤ ਦੇ ਸਟਿੱਕਰ ਵੀ ਲਾਏ ਜਾ ਰਹੇ ਹਨ। ਏਡੀਸੀ ਅਨੁਪਿ੍ਰਤਾ ਜੌਹਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕੋਵਿਡ ਟੈਸਟਿੰਗ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਸਦਕਾ ਕੋਵਿਡ ਮਰੀਜ਼ਾਂ ਦੀ ਮੌਤ ਦਰ ਘਟੀ ਹੈ ਕਿਉਂਕਿ ਸਮੇਂ ਸਿਰ ਟੈਸਟਿੰਗ ਹੋਣ ਨਾਲ ਕੋਵਿਡ ਬਾਰੇ ਛੇਤੀ ਪਤਾ ਲੱਗ ਜਾਂਦਾ ਹੈ ਤੇ ਬਿਮਾਰੀ ਬਾਰੇ ਪਤਾ ਲੱਗਣ 'ਤੇ ਉਸ ਦਾ ਛੇਤੀ ਇਲਾਜ ਹੋ ਜਾਂਦਾ ਹੈ। ਇਸ ਬਿਮਾਰੀ ਬਾਰੇ ਜਿੰਨਾ ਦੇਰੀ ਨਾਲ ਪਤਾ ਲੱਗਦਾ ਹੈ, ਮਰੀਜ਼ ਦੇ ਠੀਕ ਹੋਣ ਦੇ ਆਸਾਰ ਓਨੇ ਹੀ ਘਟਦੇ ਜਾਂਦੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਕੋਰੋਨਾ ਮੁਕਤ ਫ਼ਤਹਿਗੜ੍ਹ ਸਾਹਿਬ' ਤਹਿਤ ਜਿੱਥੇ ਕੋਰੋਨਾ ਟੈਸਟਿੰਗ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ, ਉਥੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 37,264 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 1,882 ਪੌਜ਼ੇਟਿਵ ਅਤੇ 34,932 ਨੈਗੇਟਿਵ ਆਏ ਤੇ 450 ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹੇ ਵਿੱਚ 184 ਐਕਟਿਵ ਕੇਸ ਹਨ ਤੇ ਹੁਣ ਤੱਕ 1617 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਜਿਹੜੀਆਂ ਦੁਕਾਨਾਂ ਜਾਂ ਅਦਾਰਿਆਂ ਦੇ ਸਾਰੇ ਅਮਲੇ ਦੀ ਰਿਪੋਰਟ ਨੈਗੇਟਿਵ ਆਈ ਹੈ, ਉਨ੍ਹਾਂ ਦੇ ਬਾਹਰ 'ਕੋਰੋਨਾ ਮੁਕਤ' ਦੇ ਸਟਿੱਕਰ ਲਾਏ ਗਏ ਹਨ।