ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਪੁਲਿਸ ਨੇ ਨਾਈਜੀਰੀਅਨ ਨੂੰ ਹੈਰੋਇਨ ਸਣੇ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੀ ਪਛਾਣ ਇਮੇਕਾ ਈਕੇਚੀ ਉਰਫ ਸੰਡੇ ਹਾਲ ਵਾਸੀ ਨਵੀਂ ਦਿੱਲੀ ਵਜੋਂ ਹੋਈ। ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ 13 ਅਗਸਤ ਨੂੰ ਰਾਤ ਸਮੇਂ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਹੇਮੰਤ ਕੁਮਾਰ ਨੇ ਟੀਮ ਸਮੇਤ ਸਕੂਟਰੀ ਸਵਾਰ ਜਸਵਿੰਦਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਵੱਲ ਆਉਂਦਿਆਂ ਕਿੱਲੋ ਹੈਰੋਇਨ ਸਣੇ ਗਿ੍ਫਤਾਰ ਕੀਤਾ ਸੀ। ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਉਸ ਨੇ ਇਹ ਹੈਰੋਇਨ 12 ਅਗਸਤ ਨੂੰ ਸੰਡੇ ਉਰਫ ਇਮੇਕਾ ਈਕੇਚੀ ਤੋਂ ਲਿਆਂਦੀ ਹੈ ਜੋ ਨਸ਼ਾ ਸਪਲਾਈ ਕਰਦਾ ਹੈ ਤੇ ਫੋਨ 'ਤੇ ਰਾਬਤਾ ਕਰਨ 'ਤੇ ਦਿੱਤੇ ਸਮੇਂ ਮੁਤਾਬਕ ਬੇਖੌਫ਼ ਪਹੁੰਚ ਜਾਂਦਾ ਹੈ ਜਿਸ 'ਤੇ ਕਾਰਵਾਈ ਕਰਦਿਆਂ ਸੈੱਲ ਨੇ 17 ਅਗਸਤ ਨੂੰ ਸੰਡੇ ਦੇ ਟਿਕਾਣੇ 'ਤੇ ਛਾਪਾਮਾਰੀ ਕਰ ਕੇ ਉਸ ਪਾਸੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ। ਸੰਡੇ ਦੇ ਖ਼ਿਲਾਫ਼ ਥਾਣਾ ਸਮਰਾਲਾ ਵਿਖੇ 2018 'ਚ 2 ਕਿੱਲੋ ਹੈਰੋਇਨ ਤੇ 40 ਗ੍ਰਾਮ ਕੋਕੀਨ ਬਰਾਮਦ ਹੋਣ ਦਾ ਮਾਮਲਾ ਦਰਜ ਹੈ। ਜਿਸ ਵਿੱਚੋਂ ਉਹ ਜ਼ਮਾਨਤ 'ਤੇ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ 21 ਅਗਸਤ ਤਕ ਪੁਲਿਸ ਰਿਮਾਂਡ ਲਿਆ ਗਿਆ ਹੈ ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।