ਮਹਿਕ/ਬੌਂਦਲੀ, ਖਮਾਣੋਂ/ਫਤਹਿਗੜ੍ਹ ਸਾਹਿਬ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖਮਾਣੋਂ ਵਿਖੇ ਕਾਂਗਰਸ ਦੀ ਪੰਜਾਬ 'ਚ ਕੀਤੀ ਜਾ ਰਹੀ ਤਿਰੰਗਾ ਯਾਤਰਾ ਮੌਕੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋ ਲੋਕਾਂ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਕੇਸਰੀ ਝੰਡੇ ਲਹਿਰਾਉਣ ਦੀ ਗੱਲ ਕਹਿ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਵੜਿੰਗ ਨੇ ਸਪੱਸ਼ਟ ਕੀਤਾ ਕਿ ਉਹ ਕੇਸਰੀ ਝੰਡੇ ਦੇ ਖ਼ਿਲਾਫ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਸਰੀ ਰੰਗ ਸਾਡੇ ਗੁਰੂਆਂ ਦਾ ਹੈ ਅਤੇ ਅਸੀਂ ਉਸ ਰੰਗ ਵਿਚ ਜੰਮੇ-ਪਲੇ ਵੱਡੇ ਹੋਏ ਹਾਂ, ਇਸ ਲਈ ਅਸੀਂਂ ਇਸ ਰੰਗ ਦਾ ਕੋਈ ਵਿਰੋਧ ਨਹੀਂ ਕਰਦੇ। ਕੇਸਰੀ ਰੰਗ ਦੀ ਜਗ੍ਹਾ ਸਾਰੇ ਪੰਜਾਬੀਆਂ ਦੇ ਦਿਲ ਵਿਚ ਹੈ। ਦੇਸ਼ ਦਾ ਝੰਡਾ ਵੀ ਬੁਲੰਦ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਅਸਲੀ ਦੇਸ਼ ਭਗਤ ਹੋ ਸਕਦੇ ਹਾਂ। ਉਨ੍ਹਾ ਕਿਹਾ ਕਿ ਕੇਸਰੀ ਝੰਡੇ ਦੇ ਨਾਲ ਰਾਸ਼ਟਰੀ ਝੰਡਾ ਲਹਿਰਾਉਣ ਦੀ ਗੱਲ ਹੋਣੀ ਚਾਹੀਦਾ ਹੈ।

ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਬਾਰੇ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹਰ ਘਰ ਝੰਡਾ ਲਹਿਰਾਉਣ ਅਤੇ ਝੰਡਾ ਖਰੀਦਣ ਸਬੰਧੀ ਚਿੱਠੀ ਕੱਢੀ ਗਈ ਹੈ, ਜੋ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਰਐੱਸਐੱਸ ਦੇ ਦਫ਼ਤਰ ਨਾਗਪੁਰ 'ਤੇ ਵੀ ਤਿਰੰਗਾ ਝੰਡਾ ਲਹਿਰਾਏ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਹਰ ਇਕ ਵਿਅਕਤੀ ਨੂੰ ਹੱਕ ਹੈ ਕਿ ਉਹ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕੋਈ ਵੀ ਝੰਡਾ ਆਪਣੇ ਘਰ, ਦਿਲਾਂ 'ਤੇ ਲਹਿਰਾਏ। ਇਸ ਲਈ ਆਜ਼ਾਦੀ ਪ੍ਰਵਾਨਿਆਂ ਨੂੰ ਯਾਦ ਕਰਦੇ ਹੋਏ ਆਜ਼ਾਦੀ ਦੀ ਖੁਸ਼ੀ ਮਨਾਈਏ ।

ਇਸ ਮੌਕੇ ਗੁਰਪ੍ਰੀਤ ਸਿੰਘ ਜੀਪੀ, ਸਰਬਜੀਤ ਸਿੰਘ ਜੀਤੀ, ਹਰਬੰਸ ਸਿੰਘ ਪੰਧੇਰ, ਸੁਰਿੰਦਰ ਸਿੰਘ ਰਾਮਗੜ੍ਹ, ਅਮਰਜੀਤ ਸਿੰਘ ਸੋਹਲ, ਰਵਿੰਦਰ ਸਿੰਘ ਮਨੈਲਾਂ ਆਦਿ ਹਾਜ਼ਰ ਸਨ।