ਰਾਜਿੰਦਰ ਸ਼ਰਮਾ,ਬੱਸੀ ਪਠਾਣਾਂ

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਾਮਬੱਧ ਕਰਨ ਦੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਗੁੰਮਰਾਹ ਕਰਨ ਵਾਲੀਆਂ ਪਾਰਟੀਆਂ ਅਕਾਲੀ ਦਲ, ਭਾਜਪਾ ਤੇ ਕਾਂਗਰਸ ਤੋਂ ਸੁਚੇਤ ਕੀਤਾ ਜਾ ਸਕੇ ਅਤੇ ਬਸਪਾ ਦੀ ਸਰਕਾਰ ਲਿਆ ਕੇ ਇੱਕ ਨਵਾਂ ਪੰਜਾਬ ਬਣਾਇਆ ਜਾ ਸਕੇ। ਸੂਬਾ ਪ੍ਰਧਾਨ ਗੜ੍ਹੀ ਬੱਸੀ ਪਠਾਣਾਂ 'ਚ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਕੋਆਰਡੀਨੇਟਰ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਦੀ ਰਹਿਨੁਮਾਈ 'ਚ ਹੋਈ ਅਹਿਮ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਸਪਾ ਵਿਦਿਆਰਥੀ, ਕਿਸਾਨ, ਦੁਕਾਨਦਾਰ, ਵਪਾਰੀ ਅਤੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇਗੀ ਜਿਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਪੋਸਟ ਮੈਟਿ੍ਕ ਸਕਾਲਰਸ਼ਿਪ ਵਿੱਚ ਹੋਏ ਘਪਲੇ ਦੀ ਜ਼ਿੰਮੇਵਾਰ ਹੈ, ਉੱਥੇ ਭਾਜਪਾ ਕਿਸਾਨੀ ਮੁੱਦੇ 'ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਜਿਸ ਕਰਕੇ ਕਿਸਾਨ ਆਪਣੇ ਹੱਕਾਂ ਦੀ ਪ੍ਰਰਾਪਤੀ ਲਈ ਸੜਕਾਂ 'ਤੇ ਉੱਤਰੇ ਹੋਏ ਹਨ। ਇਸ ਤਰ੍ਹਾਂ ਦੋਵੇਂ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਗਿਆ ਹੈ। ਜਸਵੀਰ ਗੜ੍ਹੀ ਨੇ ਕੇਂਦਰ ਵੱਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਦੀ ਵੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਪੰਜਾਬ ਵਿਧਾਨ ਸਭਾ 'ਚ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨੂੰ ਕਾਲੇ ਕਾਨੂੰਨਾਂ ਤੋਂ ਬਚਾਉਣ ਲਈ ਪਾਸ ਕੀਤੇ ਗਏ ਬਿੱਲ 'ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਡਰਾਮੇਬਾਜ਼ ਮੁੱਖ ਮੰਤਰੀ ਹੈ ਜੋ ਅਤੇ ਪਾਸ ਕੀਤੇ ਗਏ ਬਿੱਲ ਸਿਰਫ਼ ਲੋਕ ਵਿਖਾਵਾ ਹਨ। ਇਸ ਤੋਂ ਪਹਿਲਾਂ ਵੀ ਕੈਪਟਨ ਵੱਲੋਂ 1984 'ਚ ਸ਼੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਸਬੰਧੀ ਅਸਤੀਫ਼ਾ ਦੇ ਕੇ ਡਰਾਮਾ ਕੀਤਾ ਗਿਆ ਸੀ ਤੇ ਫਿਰ 10 ਸਾਲ ਬਾਅਦ ਉਸਨੇ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਬਣ ਕੇ ਸਿੱਖ ਕੌਮ ਨਾਲ ਵਿਸ਼ਵਾਸਘਾਤ ਕੀਤਾ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਬਸਪਾ ਵੱਲੋਂ ਪੰਜਾਬ ਦੀਆਂ 117 ਸੀਟਾਂ 'ਤੇ ਚੋਣ ਲੜੀ ਜਾਵੇਗੀ ਅਤੇ ਕਿਸੇ ਵੀ ਹਮਖਿਆਲੀ ਪਾਰਟੀ ਦੇ ਨਾਲ ਗਠਬੰਧਨ ਦਾ ਫ਼ੈਸਲਾ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਵੱਲੋਂ ਹੀ ਲਿਆ ਜਾ ਸਕਦਾ ਹੈ। ਇਸ ਦੌਰਾਨ ਸਮੂਹ ਅਹੁਦੇਦਾਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੈਣ ਮਾਜਰੀ, ਤਿ੍ਲੋਚਨ ਸਿੰਘ ਸੈਣੀ, ਰਾਮ ਸਿੰਘ ਗੋਗੀ, ਏ.ਐਨ. ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ, ਗੁਰਮੇਲ ਸਿੰਘ, ਜਤਿੰਦਰ ਸਿੰਘ ਬੱਬੂ, ਰਿੰਕੂ ਪਵਾਲਾ, ਅਵਤਾਰ ਸਿੰਘ ਚੌਹਾਨ, ਭੀਮ ਸਿੰਘ ਮਾਣਕੀ, ਜਸਪਾਲ ਸਿੰਘ ਰੈਲੋਂ, ਹਰੀ ਸਿੰਘ ਧਨੌਲਾ, ਜਸਪ੍ਰਰੀਤ ਸਿੰਘ, ਲਛਮਣ ਸਿੰਘ, ਰਣਧੀਰ ਸਿੰਘ, ਨੇਤਰ ਸਿੰਘ, ਜਸਵਿੰਦਰ ਕੌਰ ਇੰਚਾਰਜ ਮਹਿਲਾ ਵਿੰਗ, ਕੂੜਾ ਸਿੰਘ ਲੁਹਾਰੀ, ਕੁਲਵੰਤ ਸਿੰਘ ਆਦਿ ਮੌਜੂਦ ਸਨ।