ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਤਰਨਤਾਰਨ ਤੋਂ ਗੁਰਮਤਿ ਸਮਾਗਮ ’ਚੋਂ ਵਾਪਸ ਆ ਰਹੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ। ਭਾਈ ਹਰਪਾਲ ਸਿੰਘ ਦੀ ਕਾਰ ਦੇ ਡਰਾਈਵਰ ਗੁਰਭੇਜ ਸਿੰਘ ਵਾਲ-ਵਾਲ ਬਚ ਗਏ।

ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਸਮਾਗਮ ਸਮਾਪਤ ਹੋਣ ਉਪਰੰਤ ਵਾਪਸ ਆ ਰਹੇ ਸਨ ਜਦੋਂ ਉਹ ਰਾਤ ਕਰੀਬ 12:30 ਵਜੇ ਗੁਰਦੁਆਰਾ ਮੰਜੀ ਸਾਹਿਬ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਅਣਪਛਾਤੀ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਅੱਗੇ ਜਾ ਰਹੇ ਟਿੱਪਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਤੇ ਉਹ ਕਾਰ ਦਾ ਸੀਸ਼ਾ ਤੋੜ ਕੇ ਬਾਹਰ ਨਿਕਲ ਗਏ ਪਰ ਭਾਈ ਹਰਪਾਲ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਰਾਹਗੀਰਾਂ ਦੀ ਮੱਦਦ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਖੰਨਾ ਪਹੁੰਚਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਸੋਹਾਣਾ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਉਹ ਠੀਕ ਠਾਕ ਹਨ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮਹਿੰਦਰ ਸਿੰਘ ਨੇ ਕਿਹਾ ਕਿ ਭਾਈ ਹਰਪਾਲ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਭਾਈ ਹਰਪਾਲ ਸਿੰਘ ਦਾ ਹਾਲ ਪੁੱਛਣ ਲਈ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਸੋਹਾਣਾ ਹਸਪਤਾਲ ਪਹੁੰਚੇ। ਸ. ਪੰਜੋਲੀ ਨੇ ਭਾਈ ਹਰਪਾਲ ਸਿੰਘ ਦੀ ਸਿਹਤਜਾਬੀ ਦੀ ਅਰਦਾਸ ਕੀਤੀ।

Posted By: Jagjit Singh