ਪੱਤਰ ਪੇ੍ਰਰਕ, ਖਮਾਣੋਂ : ਨਗਰ ਪੰਚਾਇਤ ਖਮਾਣੋਂ ਦੇ ਕਰਮਚਾਰੀਆਂ ਵੱਲੋਂ ਐੱਨ ਜੀ ਟੀ ਅਤੇ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਦੇ ਆਦੇਸ਼ਾਂ ਅਨੁਸਾਰ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਦੀ ਅਗਵਾਈ ਹੇਠ ਇੱਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਤੋਂ ਬਣੀਆਂ ਵੱਖ ਵੱਖ ਵਸਤੂਆਂ ਜਿਨਾਂ੍ਹ ਵਿੱਚ ਪਲਾਸਟਿਕ ਲਿਫਾਫੇ, ਥਰਮੋਕੋਲ ਆਦਿ ਸ਼ਾਮਲ ਹਨ, ਨੂੰ ਅੱਜ 1 ਜੁਲਾਈ ਤੋਂ ਪੂਰਨ ਤੌਰ 'ਤੇ ਸਰਕਾਰ ਵੱਲੋਂ ਪਾਬੰਦੀ ਲਾਏ ਜਾਣ ਤੇ ਵੇਚਣ ਅਤੇ ਵਰਤੋਂ ਕਰਨ ਦੀ ਰੋਕ ਸਬੰਧੀ ਸਥਾਨਕ ਦੁਕਾਨਦਾਰਾਂ ਨੂੰ ਦੁਕਾਨਾਂ 'ਤੇ ਜਾ ਕੇ ਜਾਗਰੂਕ ਕੀਤਾ ਗਿਆ।

ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਉਨਾਂ੍ਹ ਦੁਆਰਾ ਆਪਣੇ ਅਮਲੇ ਸਮੇਤ ਸ਼ਹਿਰ ਦੀ ਹਰ ਇੱਕ ਦੁਕਾਨ ਤੇ ਜਾ ਕੇ ਦੁਕਾਨਦਾਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਨਾਂ੍ਹ ਦੀ ਅੱਜ ਤੋਂ ਵਰਤੋਂ ਬੰਦ ਕੀਤੇ ਜਾਣ ਸਬੰਧੀ ਦੱਸਿਆ ਗਿਆ ਅਤੇ ਦੱਸਿਆ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨਾਂ੍ਹ ਨੂੰ ਜ਼ੁਰਮਾਨਾ ਕੀਤਾ ਜਾਵੇਗਾ। ਉਨਾਂ੍ਹ ਅਪੀਲ ਕੀਤੀ ਗਈ ਹੈ ਕਿ ਇਕ ਵਾਰ ਵਰਤੋਂ ਵਿਚ ਆਉਣ ਵਾਲੀ ਪਲਾਸਟਿਕ ਨੂੰ ਕਿਸੇ ਵੀ ਹਾਲਾਤ ਵਿੱਚ ਵੇਚਿਆ ਅਤੇ ਵਰਤੋਂ ਵਿੱਚ ਨਾ ਲਿਆਂਦਾ ਜਾਵੇ। ਇਸ ਮੌਕੇ ਸੀਐਫਓ ਜਸਵਿੰਦਰ ਕੌਰ ਮੋਟੀਵੇਟਰ, ਹਰਮਿੰਦਰ ਕੰਗ, ਸੁਖਚੈਨ ਸਿੰਘ ਮਨਵੀਰ ਕੰਗ ਅਤੇ ਹੋਰ ਕਰਮਚਾਰੀ ਹਾਜ਼ਰ ਸਨ।