ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਕਤਲ ਮਾਮਲੇ 'ਚ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋੋਏ ਉਮਰ ਕੈਦ ਤੇ 10 ਹਜ਼ਾਰ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।

ਮੰਡੀ ਗੋਬਿੰਦਗੜ੍ਹ ਪੁਲਿਸ ਨੇ 18 ਮਾਰਚ 2018 ਨੂੰ ਮੇਨ ਬਾਜ਼ਾਰ ਗੋਬਿੰਦਗੜ੍ਹ 'ਚ ਗੌਰਵ ਵਾਸੀ ਜਾਲ ਮਾਰਕੀਟ ਮੰਡੀ ਗੋਬਿੰਦਗੜ੍ਹ ਖ਼ਿਲਾਫ਼ ਆਪਣੇ ਦੋਸਤ ਬਲਵਿੰਦਰ ਸਿੰਘ (30) ਵਾਸੀ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਦਾ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਮੁਤਾਬਕ ਗੌਰਵ ਨੇ ਆਪਣੇ ਦੋਸਤ ਬਲਵਿੰਦਰ ਸਿੰਘ ਤੋਂ 10 ਹਜ਼ਾਰ ਉਧਾਰ ਲਏ ਹੋਏ ਸਨ, ਜੋ ਬਲਵਿੰਦਰ ਸਿੰਘ ਵਾਪਸ ਮੰਗ ਰਿਹਾ ਸੀ।

18 ਮਾਰਚ 2018 ਨੂੰ ਗੌਰਵ ਬਲਵਿੰਦਰ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਹ ਉਸਦੇ ਪੈਸੇ ਦੇ ਦੇਵੇਗਾ। ਇਸ ਦੌਰਾਨ ਦੋਵਾਂ ਨੇ ਪਹਿਲਾਂ ਸ਼ਰਾਬ ਪੀਤੀ, ਫਿਰ ਦੋਵਾਂ ਵਿਚਕਾਰ ਤਕਰਾਰਬਾਜ਼ੀ ਹੋ ਗਈ। ਇਸ ਦੌਰਾਨ ਗੌਰਵ ਨੇ ਚਾਕੂ ਕੱਢ ਕੇ ਬਲਵਿੰਦਰ ਦੀ ਛਾਤੀ 'ਚ ਮਾਰਿਆ, ਜੋ ਸਿੱਧਾ ਦਿਲ 'ਚ ਵੱਜਾ, ਜਿਸ ਕਰਕੇ ਬਲਵਿੰਦਰ ਸਿੰਘ ਦੀ ਤੁਰੰਤ ਹੀ ਮੌਤ ਹੋ ਗਈ ਸੀ। ਇਸ ਸਬੰਧੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ 'ਚ ਕੇਸ ਚੱਲ ਰਿਹਾ ਸੀ। ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਗੌਰਵ ਨੂੰ ਦੋਸ਼ੀ ਕਰਾਰ ਦਿੰਦਿਆਂ ਸ਼ੁੱਕਰਵਾਰ ਨੂੰ ਉਮਰ ਕੈਦ ਤੇ 10 ਹਜ਼ਾਰ ਦੇ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ।