ਕੁਲਵਿੰਦਰ ਸਿੰਘ ਰਾਏ/ ਰਣਜੋਧ ਸਿੰਘ ਔਜਲਾ , ਖੰਨਾ/ ਫਤਿਹਗ਼ੜ ਸਾਹਿਬ : ਸੁਰਾਂ ਦੇ ਸਿਕੰਦਰ ਨੂੰ ਵੀਰਵਾਰ ਦੇਰ ਸ਼ਾਮ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ-ਖ਼ਾਕ ਕੀਤਾ ਗਿਆ। ਜਨਾਬ ਸਰਦੂਲ ਸਿਕੰਦਰ ਨੂੰ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਵੱਲੋਂ ਦਿੱਤੀ ਜ਼ਮੀਨ ’ਚ ਸ਼ਾਮ ਕਰੀਬ 7:19 ਵਜੇ ਅੰਤਿਮ ਵਿਦਾਇਗੀ ਦਿੱਤੀ ਗਈ। ਦੇਹ ਦੇ ਦਰਸ਼ਨ ਕਰਨ ਲਈ ਸਵੇਰ ਤੋਂ ਹੀ ਲੋਕ ਉਨ੍ਹਾਂ ਦੇ ਪਿੰਡ ਪੁੱਜਣੇ ਸ਼ੁਰੂ ਹੋ ਗਏ ਸਨ ਪਰ ਦੇਹ ਪਿੰਡ ’ਚ ਕਰੀਬ 4 ਵਜੇ ਪਹੁੰਚੀ। ਇਸ ਦੌਰਾਨ ਉੱਘੇ ਗਾਇਕ ਤੇ ਸੰਸਦ ਮੈਂਬਰ ਭਗਵੰਤ ਮਾਨ, ਹੰਸ ਰਾਜ ਹੰਸ, ਮੁਹੰਮਦ ਸਦੀਕ, ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ, ਬੱਬੂ ਮਾਨ, ਗੁਰਪ੍ਰੀਤ ਘੁੱਗੀ, ਸਤਵਿੰਦਰ ਬਿੱਟੀ, ਸਤਵਿੰਦਰ ਬੁੱਗਾ, ਸਰਬਜੀਤ ਚੀਮਾ, ਕੰਵਰ ਗਰੇਵਾਲ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਇੰਦਰਜੀਤ ਨਿੱਕੂ, ਸਿਰਜ ਮੁਹੰਮਦ, ਰੇਸ਼ਮ ਅਨਮੋਲ, ਭੁਪਿੰਦਰ ਗਿੱਲ ਨੇ ਕਿਹਾ ਕਿ ਸਰਦੂਲ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਉਨ੍ਹਾਂ ਜਿੱਥੇ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਕੀਤਾ, ਉਥੇ ਪੰਜਾਬੀ ਮਾਂ ਬੋਲੀ ਦੀ ਵੀ ਸੇਵਾ ਕੀਤੀ ਹੈ। ਇਸ ਮੌਕੇ ਸਰਦੂਲ ਸਿਕੰਦਰ ਦੇ ਲੜਕੇ ਸਾਰੰਗ, ਅਲਾਪ, ਉਨ੍ਹਾਂ ਦੇ ਭਤੀਜੇ ਬਾਵਾ ਸਿਕੰਦਰ, ਨਬੀ ਬਖ਼ਸ਼, ਪੀਪੀਸੀਸੀ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ, ਸਰਪੰਚ ਰੁਪਿੰਦਰ ਸਿੰਘ ਰਮਲਾ, ਬਹਾਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੇ ਪੰਚ-ਸਰਪੰਚ ਤੇ ਹੋਰ ਮੋਹਤਬਰ ਮੌਜੂਦ ਸਨ।

ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਅੰਤਿਮ ਦਰਸ਼ਨਾਂ ਨੂੰ ਉਨ੍ਹਾਂ ਦੇ ਘਰ ਖੰਨਾ ਵਿਖੇ ਨਾਮਵਰ ਹਸਤੀਆਂ ਪੁੱਜੀਆਂ ਹਨ। ਅੰਤਿਮ ਸਸਕਾਰ ਦੀਆਂ ਰਸਮਾਂ 'ਚ ਸ਼ਾਮਲ ਹੋਣ ਲਈ ਉਹਨਾਂ ਦੇ ਪ੍ਰਸ਼ੰਸਕਾਂ ਵੀ ਵੱਡੀ ਗਿਣਤੀ ਵਿਚ ਆਏ ਹਨ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਗਾਇਕ ਬੱਬੂ ਮਾਨ, ਹਰਭਜਨ ਮਾਨ, ਦੁਰਗਾ ਰੰਗੀਲਾ, ਜਸਪਾਲ ਜੱਸੀ,ਗੀਤਕਾਰ ਦਵਿੰਦਰ ਖੰਨੇਵਾਲਾ ਸਮੇਤ ਹੋਰ ਨਾਮੀ ਕਲਾਕਾਰ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਹਨ। ਸਰਦੂਲ ਸਿਕੰਦਰ ਦੇ ਸਪੁਰਦ-ਏ-ਖ਼ਾਕ ਮੌਕੇ ਸੰਸਦ ਗੁਰਦਾਸ ਮਾਨ, ਕਨਵਰ ਗਰਹੰਸ ਰਾਜ ਹੰਸ,ਭਗਵੰਤ ਮਾਨ,ਬਾਬੂ ਮਾਂ,ਹਰਭਜਨ ਮਾਨ,ਸਤਵਿੰਦਰ ਬੁੱਗਾ,ਸਤਵਿੰਦਰ ਬਿੱਟੀ,ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ,ਭੁਪਿੰਦਰ ਗਿੱਲ,ਹਰਵਿੰਦਰ ਨੂਰਪੁਰੀ ਆਦਿ ਸਖਸ਼ੀਅਤਾਂ ਪਹੁੰਚੀਆਂ। ਦੱਸਣਯੋਗ ਹੈ ਕਿ ਸਰਦੂਲ ਸਿਕੰਦਰ ਦੀ ਦੇਹ ਨੂੰ ਬੁੱਧਵਾਰ ਦੀ ਸ਼ਾਮ ਖੰਨਾ ਵਿਖੇ ਲਿਆਂਦਾ ਗਿਆ ਸੀ।

ਅੱਜ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਦੇ ਕਬਰਿਸਤਾਨ ਵਿਖੇ ਬਾਅਦ ਦੁਪਹਿਰ 2 ਵਜੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਦੱਸਣਯੋਗ ਹੈ ਇਸੇ ਕਬਰਿਸਤਾਨ ਵਿਚ ਸਰਦੂਲ ਸਿਕੰਦਰ ਦੇ ਪਿਤਾ ਸਾਗਰ ਮਸਤਾਨਾ, ਮਾਤਾ ਲੀਲਾਵਤੀ, ਵੱਡੇ ਭਰਾ ਤੇ ਸੂਫ਼ੀ ਗਾਇਕ ਗ਼ਮਦੂਰ ਅਮਨ ਅਤੇ ਉਸ ਤੋਂ ਛੋਟੇ ਭਰਾ ਤਬਲਾਵਾਦਕ ਉਸਤਾਦ ਭਰਪੂਰ ਅਲੀ ਨੂੰ ਵੀ ਸਪੁਰਦ ਏ ਖ਼ਾਕ ਕੀਤਾ ਗਿਆ ਸੀ। ਦੱਸ ਦਈਏ ਕਿ ਸਰਦੂਲ ਸਿਕੰਦਰ ਨੇ ਪੰਜਵੀਂ ਤੱਕ ਵੀ ਮੁੱਢਲੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਨੌਧ ਸਿੰਘ ਤੋਂ ਹਾਸਲ ਕੀਤੀ ਸੀ ਅਤੇ 7ਵੀਂ ਕਲਾਸ ਸਰਕਾਰੀ ਹਾਈ ਸਕੂਲ ਖੇੜੀ ਨੌਧ ਸਿੰਘ ਤੋਂ ਪਾਸ ਕੀਤੀ ਸੀ।

Posted By: Tejinder Thind