ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਯੂਪੀ ’ਚ ਕਤਲ ਦੇ ਮਾਮਲੇ ’ਚ ਸੀਆਈਏ ਸਟਾਫ਼ ਸਰਹਿੰਦ ’ਚ ਬੰਦ ਵਿਅਕਤੀ ਰਾਤ ਸਮੇਂ ਕੰਧ ਟੱਪ ਕੇ ਫਰਾਰ ਹੋ ਗਿਆ। ਪਤਾ ਲੱਗਣ ’ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਿਊਟੀ ’ਤੇ ਤਾਇਨਾਤ ਏਐੱਸਆਈ ਤੇ ਇਕ ਸਿਪਾਹੀ ਨੂੰ ਮੁਅੱਤਲ ਕਰ ਦਿੱਤਾ ਗਿਆ। ਫਰਾਰ ਹੋਏ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਵਾਸੀ ਦਵਿੰਦਰ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਯੂਪੀ ਪੁਲਿਸ ਨੇ ਸਤਨਾਮ ਸਿੰਘ ਨੂੰ ਪੰਜਾਬ ’ਚੋਂ 11 ਅਪ੍ਰੈਲ ਨੂੰ ਗ੍ਰਿਫਤਾਰ ਕਰ ਕੇ ਸੀਆਈਏ ਸਟਾਫ਼ ਸਰਹਿੰਦ ਦੀ ਹਵਾਲਾਤ ’ਚ ਬੰਦ ਕਰਵਾਇਆ ਸੀ ਪਰ ਸਤਨਾਮ ਸਿੰਘ 12 ਅਪ੍ਰੈਲ ਤੜਕੇ ਕਰੀਬ 4 ਵਜੇ ਸੀਆਈਏ ਸਟਾਫ਼ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਸਤਨਾਮ ਸਿੰਘ ਨੇ 2 ਅਪ੍ਰੈਲ ਦੀ ਰਾਤ ਨੂੰ ਗੋਰਖਪੁਰ ਦੇ ਗਲਹਿਰਾ ’ਚ ਭਾਜਪਾ ਆਗੂ ਬ੍ਰਜੇਸ਼ ਸਿੰਘ ਹੱਤਿਆ ਕਰ ਦਿੱਤੀ ਸੀ ਜਿਸ ਕਰ ਕੇ ਗੋਰਖਪੁਰ ਦੇ ਸਬ ਇੰਪੈਕਟਰ ਗੋਇਲ ਯਾਦਵ ਅਤੇ ਚੰਦਰ ਭਾਨ ਦੀ ਅਗਵਾਈ ’ਚ ਇਕ ਟੀਮ ਸਤਨਾਮ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਆਈ ਸੀ। ਉਤਰ ਪ੍ਰਦੇਸ਼ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਤਨਾਮ ਸਰਹਿੰਦ ਇਲਾਕੇ ’ਚ ਲੁਕਿਆ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਸਤਨਾਮ ਨੂੰ ਗ੍ਰਿਫਤਾਰ ਕਰਕੇ 11 ਅਪ੍ਰੈਲ ਰਾਤ ਕਰੀਬ 10 ਸੀਆਈਏ ਸਟਾਫ਼ ਸਰਹਿੰਦ ਦੀ ਹਵਾਲਾਤ ’ਚ ਬੰਦ ਕਰਵਾ ਦਿੱਤਾ ਸੀ ਪਰ ਮੌਕੇ ’ਤੇ ਤਾਇਨਾਤ ਮੁਲਾਜ਼ਮਾਂ ਨੇ ਹਵਾਲਾਤ ਨੂੰ ਤਾਲਾ ਨਹੀਂ ਲਾਇਆ ਸੀ। ਜਦੋਂ ਸਾਰੇ ਮੁਲਾਜ਼ਮ ਸੌਂ ਗਏ ਤਾਂ ਸਤਨਾਮ ਤੜਕੇ ਕਰੀਬ 4 ਵਜੇ ਹਵਾਲਾਤ ਖੋਲ੍ਹ ਕੇ ਕੰਪਿਊਟਰ ਰੂਮ ਦੇ ਨਾਲ ਬਣੇ ਬਾਥਰੂਮ ਦੀ ਕੰਧ ਟੱਪ ਕੇ ਫਰਾਰ ਹੋ ਗਿਆ ਅਤੇ ਸਤਨਾਮ ਦੇ ਕੰਧ ਟੱਪਣ ਦੀ ਸਾਰੀ ਘਟਨਾ ਸੀਆਈਏ ਸਟਾਫ਼ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਸਟਾਫ਼ ਦੇ ਮੁਨਸ਼ੀ ਗੁਰਬਚਨ ਸਿੰਘ ਨੇ ਸਤਨਾਮ ਦੇ ਕੰਧ ਟੱਪ ਕੇ ਭੱਜਣ ਦੀ ਸੂਚਨਾ ਸਵੇਰੇ ਕਰੀਬ 8 ਵਜੇ ਇੰਚਾਰਜ ਗੱਬਰ ਸਿੰਘ ਨੂੰ ਦਿੱਤੀ ਜਿਸ ਤੋਂ ਬਅਦ ਜ਼ਿਲ੍ਹਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਡਿਊਟੀ ’ਚ ਲਾਪ੍ਰਵਾਹੀ ਵਰਤਣ ਵਾਲੇ ਏਐੱਸਆਈ ਅਤੇ ਇਕ ਸਿਪਾਹੀ ਨੂੰ ਮੁਅੱਤਲ ਕਰਕੇ ਸਤਨਾਮ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Posted By: Jagjit Singh