ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਦਿਵਿਆਂਗ ਅਭੀਜੀਤ ਦਾ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਡਿਪਟੀ ਕਮਿਸ਼ਨਰ ਅੰਮਿ੍ਤ ਕੌਰ ਗਿੱਲ ਨੇ ਉਸ ਨੂੰ ਆਪਣੀ ਕੁਰਸੀ 'ਤੇ ਬਿਠਾ ਕੇ ਪੂਰਾ ਕਰ ਦਿੱਤਾ। ਅਭੀਜੀਤ ਦੇ ਡਿਪਟੀ ਕਮਿਸ਼ਨਰ ਦੀ ਕੁਰਸੀ 'ਤੇ ਬੈਠਣ ਕਰਕੇ ਡਿਪਟੀ ਕਮਿਸ਼ਨਰ ਨੇ ਕਰੀਬ ਤਿੰਨ ਘੰਟੇ ਹੋਰ ਕੁਰਸੀ 'ਤੇ ਬੈਠ ਕੇ ਆਪਣਾ ਕੰਮਕਾਰ ਕੀਤਾ। 50 ਫ਼ੀਸਦੀ ਦਿਵਿਆਂਗ ਅਭੀਜੀਤ ਨੰਗਲਾਂ ਮਿਡਲ ਸਕੂਲ 'ਚ ਛੇਵੀਂ ਕਲਾਸ 'ਚ ਪੜ੍ਹਦਾ ਹੈ। ਅਭੀਜੀਤ ਵਿਸ਼ਵ ਦਿਵਿਆਂਗ ਦਿਵਸ ਮੌਕੇ ਸਰਹਿੰਦ 'ਚ ਦਿਵਿਆਂਗ ਬੱਚਿਆਂ ਲਈ ਕਰਵਾਈ ਜ਼ਿਲ੍ਹਾ ਪੱਧਰੀ ਫੈਂਸੀ ਡਰੈਸ ਪ੍ਰਤੀਯੋਗਤਾ ਵਿਚ ਭਾਗ ਲੈਣ ਆਇਆ ਸੀ ਜਿਸ ਨੇ ਅਫਸਰਾਂ ਵਰਗੀ ਡਰੈਸ ਪਹਿਨੀ ਹੋਈ ਸੀ।

ਇਸ ਪ੍ਰਤੀਯੋਗਤਾ 'ਚ ਅਭੀਜੀਤ ਨੂੰ ਅੱਵਲ ਐਲਾਨਿਆ ਗਿਆ, ਜਦੋਂ ਵਧੀਕ ਡਿਪਟੀ ਕਮਸ਼ਿਨਰ (ਜਨਰਲ) ਜਸਪ੍ਰੀਤ ਸਿੰਘ ਅਭੀਜੀਤ ਨੂੰ ਪੁਰਸਕਾਰ ਦੇਣ ਲੱਗੇ ਤਾਂ ਮੰਚ ਸੰਚਾਲਕ ਅਧਿਆਪਕ ਨੇ ਅਭੀਜੀਤ ਨੂੰ ਪੁੱਛਿਆ ਕਿ ਉਹ ਅਫਸਰਾਂ ਵਰਗੀ ਡਰੈਸ ਕਿਉਂ ਪਹਿਨ ਕੇ ਆਏ ਹਨ, ਤਾਂ ਅਭੀਜੀਤ ਨੇ ਕਿਹਾ ਕਿ ਉਸ ਦਾ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਹੈ ਜਿਸ ਉਪਰੰਤ ਏਡੀਸੀ ਜਸਪ੍ਰੀਤ ਸਿੰਘ ਨੇ ਬੱਚੇ ਦੀ ਡੀਸੀ ਬਣਨ ਦੀ ਭਾਵਨਾ ਸਬੰਧੀ ਡਿਪਟੀ ਕਮਿਸ਼ਨਰ ਅੰਮਿ੍ਤ ਗਿੱਲ ਨੂੰ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਅੰਮਿ੍ਤ ਗਿੱਲ ਬੱਚੇ ਨੂੰ ਤੁਰੰਤ ਆਪਣੇ ਦਫ਼ਤਰ 'ਚ ਲਿਆਉਣ ਲਈ ਕਿਹਾ। ਅਭੀਜੀਤ ਦਾ ਦਫ਼ਤਰ ਪਹੁੰਚਣ 'ਤੇ ਕਈ ਅਧਿਕਾਰੀਆਂ ਨੇ ਉਸ ਦਾ ਸਵਾਗਤ ਕਰਦਿਆਂ ਉਸ ਨੂੰ ਡਿਪਟੀ ਕਮਿਸ਼ਨਰ ਦੀ ਕੁਰਸੀ 'ਤੇ ਬੈਠਾਇਆ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਅੰਮਿ੍ਤ ਗਿੱਲ ਨੇ ਆਪਣਾ ਕੰਮ ਕੀਤਾ ਅਤੇ ਅਭੀਜੀਤ ਨੂੰ ਵੀ ਕੰਮ ਤੋਂ ਜਾਣੂ ਕਰਵਾਇਆ।

ਅੰਮਿ੍ਤ ਗਿੱਲ ਨੇ ਅਭੀਜੀਤ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਜਦੋਂ ਵੀ ਉਸ ਦਾ ਦਿਲ ਚਾਹੇ, ਉਹ ਉਨ੍ਹਾਂ ਕੋਲ ਆ ਸਕਦੇ ਹਨ। ਦੱਸਣਯੋਗ ਹੈ ਕਿ ਅਭੀਜੀਤ ਪਹਿਲੀ ਕਲਾਸ ਤੋਂ ਲੈ ਕੇ ਛੇਵੀਂ ਕਲਾਸ ਤਕ ਬਲਾਕ ਪੱਧਰੀ ਪ੍ਰਤੀਯੋਗਤਾ 'ਚ ਵੀ ਕਈ ਵਾਰ ਜੇਤੂ ਰਿਹਾ। ਇਸ ਤੋਂ ਇਲਾਵਾ ਉਹ ਇਕ ਵਾਰ ਪ੍ਰਤੀਯੋਗਤਾ 'ਚ ਪੁਲਿਸ ਅਫਸਰ ਵੀ ਬਣ ਕੇ ਆਇਆ ਸੀ ਅਤੇ ਉਸ ਦਾ ਡੀਸੀ ਬਣਨ ਦਾ ਸੁਪਨਾ ਸੀ, ਜੋ ਡਿਪਟੀ ਕਮਿਸ਼ਨਰ ਅੰਮਿ੍ਤ ਗਿੱਲ ਨੇ ਪੂਰਾ ਕਰ ਦਿੱਤਾ।