ਕੇਵਲ ਸਿੰਘ, ਅਮਲੋਹ : ਪੰਜਾਬ 'ਚ 2022 ਦੀਆਂ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ 'ਚ ਸਰਗਰਮੀਆਂ ਤੇਜ ਹੋ ਗਈਆਂ ਹਨ। ਜਿਥੇ ਵੱਖ-ਵੱਖ ਪਾਰਟੀਆਂ ਵੱਲੋਂ ਹਲਕਿਆਂ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹਲਕਾ ਅਮਲੋਹ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਛੇ ਦਰਜਨ ਦੇ ਕਰੀਬ ਪਾਰਟੀ ਵਲੰਟੀਅਰਾਂ ਨੇ ਸ਼ਿਕਰਤ ਕੀਤੀ ਅਤੇ ਬਾਅਦ ਵਿਚ ਇਕ ਪ੍ਰਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਲਕਾ ਅਮਲੋਹ ਦਾ ਉਮੀਦਵਾਰ ਹਲਕੇ ਦਾ ਹੀ ਹੋਵੇ, ਉਥੇ ਹੀ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਹਲਕਾ ਅਮਲੋਹ ਤੋਂ ਬਾਹਰ ਦਾ ਦੱਸਿਆ ਗਿਆ। ਇਸ ਮੌਕੇ ਸੀਨੀਅਰ ਵਰਕਰ ਗੁਰਦਿਆਲ ਸਿੰਘ ਘੁੱਲੂਮਾਜਰਾ ਨੇ ਕਿਹਾ ਕਿ ਪਹਿਲਾਂ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਅਮਲੋਹ 'ਚ ਬਾਹਰ ਦੇ ਉਮੀਦਵਾਰ ਨੂੰ ਉਤਾਰਿਆ ਗਿਆ ਸੀ, ਜਿਸ ਕਾਰਨ ਹਲਕਾ ਅਮਲੋਹ ਤੋਂ 'ਆਪ' ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਦਰਸ਼ਨ ਸਿੰਘ ਚੀਮਾ, ਜਗਮੀਤ ਸਿੰਘ ਸਹੋਤਾ, ਐਡਵੋਕੇਟ ਗੁਰਿੰਦਰ ਸਿੰਘ ਹਰੀਪੁਰ, ਬੀਬੀ ਸੁਖਵਿੰਦਰ ਕੌਰ ਅਤੇ ਹੋਰ ਕਈ ਹਲਕੇ ਦੇ ਵਿਅਕਤੀ ਜਿਹੜੇ ਹਲਕਾ ਅਮਲੋਹ ਨਾਲ ਸਬੰਧਤ ਹਨ, ਇਨ੍ਹਾਂ ਵਿਚੋਂ ਪਾਰਟੀ ਕਿਸੇ ਵੀ ਵਿਅਕਤੀ ਨੂੰ ਟਿਕਟ ਦਿੰਦੀ ਹੈ, ਉਸ ਨਾਲ ਅਸੀਂ ਸਹਿਮਤ ਹਾਂ। ਜੇਕਰ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਜਾਂਦਾ ਹੈ ਤਾਂ ਪਾਰਟੀ ਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਪਾਰਟੀ ਹਾਈਕਮਾਂਡ ਨੂੰ ਅਸੀਂ ਅਪੀਲ ਵੀ ਕਰਦੇ ਹਾਂ। ਲਿਸਟ ਵੀ ਪਹੁੰਚਾਈ ਜਾ ਚੁੱਕੀ ਹੈ ਅਤੇ ਸਾਡੀ ਮੰਗ ਵੱਲ ਧਿਆਨ ਜ਼ਰੂਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਗੁਰਿੰਦਰ ਸਿੰਘ ਗੈਰੀ ਬੜਿੰਗ ਹਲਕੇ ਅੰਦਰ ਕੰਮ ਕਰ ਰਿਹਾ ਹੈ, ਜਿਹੜਾ ਕਿ ਹਲਕੇ ਤੋਂ ਬਾਹਰਲਾ ਹੈ। ਜੇਕਰ ਪਾਰਟੀ ਉਸ ਨੂੰ ਟਿਕਟ ਦਿੰਦੀ ਹੈ ਤਾਂ ਪਾਰਟੀ ਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕਰਦੇ ਹਾਂ ਕਿ ਹਲਕਾ ਅਮਲੋਹ ਨਾਲ ਸਬੰਧਤ ਵਿਅਕਤੀ ਨੂੰ ਹੀ ਪਾਰਟੀ ਹਾਈਕਮਾਂਡ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰੇ ਅਤੇ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜਾਣੂ ਵੀ ਕਰਵਾਇਆ ਜਾ ਚੁੱਕਾ ਹੈ ਅਤੇ ਉਮੀਦਵਾਰ ਨੂੰ ਵੱਡੀ ਜਿੱਤ ਦਰਜ ਕਰਵਾਈ ਜਾਵੇਗੀ।

--------

ਮੈਂ ਹਲਕਾ ਅਮਲੋਹ ਦਾ ਹੀ ਜਮਪਲ ਹਾਂ : ਗੈਰੀ ਬੜਿੰਗ

ਇਸ ਸਬੰਧੀ ਗੱਲਬਾਤ ਕਰਨ 'ਤੇ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਹਨ ਅਤੇ 2014 ਤੋਂ ਪਾਰਟੀ ਨਾਲ ਜੁੜੇ ਹਨ, ਉਥੇ ਹੀ ਹਲਕਾ ਅਮਲੋਹ ਦੇ ਹੀ ਜਮਪਲ ਹਨ। ਉਨ੍ਹਾਂ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਇੰਗਲੈਂਡ ਦੀ ਯੂਨੀਵਰਸਿਟੀ ਆਕਸਫੋਰਡ ਵਿਖੇ ਹਲਕੇ ਤੋਂ ਬਾਹਰ ਜਾਣਾ ਪਿਆ। ਜੇਕਰ ਇਹ ਯੂਨੀਵਰਸਿਟੀ ਇੱਥੇ ਹੁੰਦੀ ਤਾਂ ਪੜ੍ਹਾਈ ਇੱਥੇ ਹੀ ਕਰਦੇ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ, ਉਥੇ ਹੀ ਜੇਕਰ ਕਿਸੇ ਹੋਰ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਜਾਂਦਾ ਹੈ, ਉਸ ਨੂੰ ਵੀ ਜਿਤਾਇਆ ਜਾਵੇਗਾ। ਉਨ੍ਹਾਂ ਦਾ ਮਕਸਦ ਹਲਕੇ ਅੰਦਰ ਪਾਰਟੀ ਨੂੰ ਮਜ਼ਬੂਤ ਕਰਨਾ ਹੈ।