ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਪਿੰਡ ਈਸਰਹੇਲ ਦੇ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਛਾਣ ਗੁਰਵਿੰਦਰ ਸਿੰਘ (22) ਵਾਸੀ ਈਸਰਹੇਲ ਵਜੋਂ ਹੋਈ। ਮਿ੍ਤਕ ਦਾ ਪਿਛਲੇ 15 ਦਿਨ ਤੋਂ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਸੀ ਜਿਸ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਪਰਿਵਾਰ ਮੁਤਾਬਕ ਗੁਰਵਿੰਦਰ ਸਿੰਘ ਨਸ਼ੇ ਦੇ ਟੀਕੇ ਲਗਾਉਂਦਾ ਸੀ ਤੇ ਟੀਕੇ ਲਾਉਣ ਦੀ ਆਦਤ ਉਸ ਨੂੰ ਟਰੱਕ ਡਰਾਇਵਰੀ ਸਮੇਂ ਲੱਗੀ। ਗੁਰਵਿੰਦਰ ਦੇ ਪਿਤਾ ਹਰਚੰਦ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਦਸਵੀਂ 'ਚੋਂ ਫ਼ੇਲ੍ਹ ਹੋਣ ਕਰਕੇ ਟਰੱਕ ਡਰਾਇਵਰੀ ਸਿੱਖਣ ਲੱਗ ਗਿਆ ਸੀ, ਜਿੱਥੋਂ ਉਸ ਨੂੰ ਨਸ਼ੇ ਦੀ ਆਦਤ ਪੈ ਗਈ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਦਾ ਇਕ ਸਾਲ ਤੋਂ ਪਟਿਆਲਾ ਤੋਂ ਇਲਾਜ ਚੱਲ ਰਿਹਾ ਸੀ ਪਰ ਉਸ ਦਾ ਨਸ਼ੇ ਨੇ ਖਹਿੜਾ ਨਹੀਂ ਛੱਡਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਬਡਾਲੀ ਆਲਾ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਦਾ ਸਰਹਿੰਦ, ਪਟਿਆਲਾ ਅਤੇ ਅੰਬਾਲਾ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਹੋ ਚੁੱਕਾ ਹੈ ਅਤੇ ਉਹ ਪਿਛਲੇ ਕਈ ਦਿਨ ਤੋਂ ਪੀਜੀਆਈ ਚੰਡੀਗੜ੍ਹ ਦਾਖਲ ਸੀ। ਨਸ਼ੇ ਕਾਰਨ ਉਸ ਦਾ ਲੀਵਰ ਖਰਾਬ ਹੋ ਗਿਆ ਸੀ। ਜਿਸ ਕਰਕੇ ਉਸ ਦੀ ਮੌਤ ਹੋ ਗਈ।