ਮਹਿਕ/ਸਹੋਤਾ, ਫ਼ਤਹਿਗੜ੍ਹ ਸਾਹਿਬ : ਪਿੰਡ ਬਧੌਛੀ 'ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਦੀ ਅਗਵਾਈ 'ਚ ਹੋਈ। ਜਿਸ 'ਚ ਕਿਸਾਨੀ ਮਸਲਿਆਂ 'ਤੇ ਵਿਚਾਰ ਚਰਚਾ ਹੋਈ। ਜਿਸ 'ਚ ਮੁੱਖ ਚਰਚਾ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਸਬੰਧ 'ਚ ਹੋਈ ਸਾਰੇ ਪਿੰਡਾਂ ਦੇ ਕਿਸਾਨ ਸਾਥੀਆਂ ਨੇ ਸਹਿਮਤੀ ਪ੍ਰਗਟਾਈ ਕਿ ਝੋਨੇ ਨੂੰ ਅੱਗ ਲਾਉਣਾ ਸਾਡੀ ਮਜ਼ਬੂਰੀ ਹੋਵੇਗੀ ਕਿਉਂਕਿ ਪੰਜਾਬ ਦੀ ਸਰਕਾਰ ਪਰਾਲੀ ਦਾ ਕੋਈ ਪੱਕਾ ਹੱਲ ਨਹੀਂ ਕਰ ਰਹੀ ਕਿਉਂਕਿ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਦੁੱਗਣੀ ਕੀਮਤ 'ਤੇ ਕਿਸਾਨਾਂ ਨੂੰ ਵੇਚੀਆਂ ਜਾ ਰਹੀਆਂ ਹਨ।

ਕਿਸਾਨ ਦੀ ਪਰਾਲੀ ਨਾਲ ਸਿਰਫ 6 ਫੀਸਦੀ ਧੂੰਆਂ ਹੁੰਦਾ ਹੈ ਤੇ 94 ਫੀਸਦੀ ਧੂੰਆਂ ਸਰਕਾਰਾਂ ਦੀ ਮਿੱਤਰ ਕਾਰਪੋਰੇਟ ਫੈਕਟਰੀਆਂ ਅਤੇ ਭੱਠੇ ਕਰਦੇ ਹਨ। ਜ਼ਿਲ੍ਹਾ ਜਰਨਲ ਸਕੱਤਰ ਜਸਵੀਰ ਸਿੰਘ ਚਨਾਰਥਲ ਨੇ ਦੱਸਿਆ ਕਿ ਪੰਜਾਬ ਬਹੁਤ ਫੈਕਟਰੀਆਂ ਹਨ ਜੋ ਧਰਤੀ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਪਰ ਉਨ੍ਹਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਕਿਸਾਨਾਂ ਨੂੰ ਆਪਣੀ ਖੇਤੀ ਬਚਾਉਣ ਲਈ ਜੱਥੇਬੰਦਕ ਹੋਣ ਦੀ ਲੋੜ ਹੈ। ਮੀਟਿੰਗ 'ਚ ਜ਼ਿਲ੍ਹਾ ਯੂਥ ਪ੍ਰਧਾਨ ਪਰਮਵੀਰ ਸਿੰਘ ਸੀੜਾ ਨੇ ਅਗਲੇ ਸੰਘਰਸ਼ ਬਾਰੇ ਕਿਸਾਨਾਂ ਨੂੰ ਦੱਸਿਆ ਕਿ ਸਾਨੂੰ ਐੱਮਐੱਸਪੀ ਦੀ ਲੜਾਈ ਲਈ ਲੋਕਾਂ ਨੂੰ ਤਿਆਰ ਕਰਨਾ ਹੈ ਤੇ 3 ਅਕਤੂਬਰ ਨੂੰ ਲਖੀਮਪੁਰ ਖੀਰੀ 'ਚ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਡੀਸੀ ਦਫ਼ਤਰ ਫਤਹਿਗੜ੍ਹ ਸਾਹਿਬ 12 ਵਜੇ ਤੋਂ 3 ਵਜੇ ਤਕ ਧਰਨਾ ਦਿੱਤਾ ਜਾਵੇਗਾ ਤੇ ਅਜੇ ਮਿਸ਼ਰਾ ਟੈਨੀ ਦਾ ਪੁਤਲਾ ਫੂਕਿਆ ਜਾਵੇਗਾ। ਜਿਸ 'ਚ ਪਿੰਡ ਚਨਾਰਥਲ ਕਲਾਂ, ਬਧੌਛੀ ਖੁਰਦ ਆਦਮਪੁਰ, ਲਟੋਰ, ਰਘੇੜੀ, ਝਮਾਲਾ, ਪਤਾਰਸੀ, ਪੰਡਰਾਲੀ, ਸੁਹਾਗਹੇੜੀ ਰੁੜਕੀ, ਭੱਲਮਾਜਰਾ, ਚਨਾਰਥਲ ਖੁਰਦ, ਅਤਾਪੁਰ, ਨਲੀਨੀ, ਨੌਲੱਖਾ, ਭੱਦਲਥੂਹਾ, ਕੋਟਲਾ, ਸੈਫਲਪੁਰ, ਪੰਡਰਾਲੀ ਅਤੇ ਖਰੌੜਾ ਸ਼ਾਮਲ ਹੋਏ।