ਪੱਤਰ ਪੇ੍ਰਕ, ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ। ਇਸ ਵਫ਼ਦ ’ਚ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਅੰਤਿ੍ਰੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅੰਤਿ੍ਰੰਗ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਸਕੱਤਰ ਐਜੂਕੇਸ਼ਨ ਵਿਭਾਗ ਸੁਖਵਿੰਦਰ ਸਿੰਘ,ਇੰਦਰਪਾਲ ਸਿੰਘ ਚੱਢਾ ਡਰਾਇਕੈਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਅਤੇ ਪਿ੍ਰੰਸੀਪਲ ਸਹਿਜਪਾਲ ਸਿੰਘ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਸ਼ਾਮਲ ਸਨ। ਵਫ਼ਦ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਵਿਚ ਬੇਨਤੀ ਕੀਤੀ ਕਿ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਦੀ ਧਾਰਮਿਕ ਨੁਮਾਇੰਦਾ ਜਥੇਬੰਦੀ ਹੈ ਜੋ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ-ਨਾਲ ਗੁਰਮਤਿ ਦੇ ਪ੍ਰਚਾਰ ਪਸਾਰ ਵਿਚ ਅਹਿਮ ਰੋਲ ਅਦਾ ਕਰਦੀ ਹੈ। ਸੰਸਥਾ ਸਮਾਜਕ ਕਾਰਜਾਂ ’ਚ ਵੀ ਅੱਗੇ ਰਹਿੰਦੀ ਹੈ ਅਤੇ ਵਿਦਿਆ ਖੇਤਰ ਵਿਚ ਗੌਰਵਮਈ ਰੋਲ ਅਦਾ ਕੀਤਾ ਹੈ।

ਪੰਜੋਲੀ ਨੇ ਮੰਗਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਐੱਸਸੀ/ਐੱਸਟੀ ਸਕਾਲਰਸ਼ਿਪ ਦੇ ਪੈਸੇ ਪੰਜਾਬ ਸਰਕਾਰ ਕੋਲ 2016 ਤੋਂ 2021 ਤਕ ਬਕਾਇਆ ਪਏ ਹਨ। ਜਿਸ ਕਾਰਨ ਕਾਲਜ ਆਰਥਿਕ ਪੱਖੋਂ ਗੰਭੀਰ ਸੰਕਟ ਵਿਚ ਹਨ। ਇਸ ਰਕਮ ਨੂੰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ। ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਸਾਂਭ¸ਸੰਭਾਲ ਲਈ ਪੁਰਾਤਤਵ ਵਿਭਾਗ ਨੂੰ ਐੱਨਓਸੀ ਜਾਰੀ ਕਰਨ ਦੇ ਆਦੇਸ਼ ਦਿੱਤੇ ਜਾਣ ਤਾਂ ਕਿ ਸ਼੍ਰੋਮਣੀ ਕਮੇਟੀ ਉਸ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਕਰ ਸਕੇ।

ਮੋਹਾਲੀ ਦੇ ਪਿੰਡ ਤਸੋਲੀ ’ਚ ਸ਼੍ਰੋਮਣੀ ਕਮੇਟੀ ਦੀ 27 ਏਕੜ ਜ਼ਮੀਨ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੈ। ਇਸ ਸਬੰਧੀ ਅਦਾਲਤ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਸ੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਵੀ ਹੋਰ ਵਿਅਕਤੀ ਇਸ ਜ਼ਮੀਨ ਵਿਚ ਦਖਲ ਨਾ ਦੇਵੇ,ਪ੍ਰੰਤੂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਇਸ ਜ਼ਮੀਨ ਵਿਚ ਦਖਲ ਅੰਦਾਜੀ ਕੀਤੀ ਜਾ ਰਹੀ ਹੈ। ਇਸ ਨੂੰ ਤੁਰੰਤ ਰੋਕਣ ਦੇ ਆਦੇਸ਼ ਦਿੱਤੇ ਜਾਣ। ਇਸੇ ਤਰ੍ਹਾਂ ਬਠਿੰਡੇ ਦੇ ਪਿੰਡ ਭਾਈ ਰੂਪਾ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਜੋ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੋਇਆ ਹੈ, ਜਿਸ ’ਤੇ ਕੁਝ ਸ਼ਰਾਰਤੀ ਅਨਸਰ ਪ੍ਰਸ਼ਾਸਨ ਨਾਲ ਮਿਲ ਕੇ ਕਬਜਾ ਕਰਨਾ ਚਾਹੁੰਦੇ ਹਨ ਸਰਕਾਰ ਪ੍ਰਸ਼ਾਸਨ ਨੂੰ ਆਦੇਸ਼ ਦੇਵੇ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ।

ਬੱਸੀ ਪਠਾਣਾਂ ਦੀ ਸਬ ਜੇਲ੍ਹ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ 3 ਮਹੀਨੇ ਤੋਂ ਵੱਧ ਸਮਾਂ ਕੈਦ ਰਹੇ ਹਨ। ਇਸ ਜੇਲ੍ਹ ਨੂੰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਢੁਕਵੀਂ ਯਾਦਗਾਰ ਵਜੋਂ ਵਿਕਸਤ ਕੀਤਾ ਜਾਵੇ। ਇਸੇ ਤਰ੍ਹਾਂ ਖਾਲਸਾ ਕਾਲਜ ਪਟਿਆਲਾ ਦੀ ਜ਼ਮੀਨ ’ਤੇ ਕੁਝ ਰਾਜਸੀ ਪ੍ਰਭਾਵ ਵਾਲੇ ਲੋਕਾਂ ਨੇ ਧੱਕੇ ਨਾਲ ਕਬਜਾ ਕੀਤਾ ਹੋਇਆ ਹੈ ਜਿਨ੍ਹਾਂ ਦੀ ਮਦਦ ਜ਼ਿਲ੍ਹਾ ਪ੍ਰਸ਼ਾਸਨ ਤੇ ਕੁਝ ਰਾਜਨੀਤਿਕ ਲੋਕ ਕਰ ਰਹੇ ਹਨ। ਇਸ ਜ਼ਮੀਨ ਦੀ ਮਾਲਕੀ ਖਾਲਸਾ ਕਾਲਜ ਪਟਿਆਲਾ ਦੀ ਹੈ ਇਸ ਲਈ ਇਹ ਨਾਜਾਇਜ ਕਬਜਾ ਤੁਰੰਤ ਹਟਾਇਆ ਜਾਵੇ।

ਪੰਜੋਲੀ ਨੇ ਦੱਸਿਆ ਕਿ ਇਸ ਮੰਗ ਪੱਤਰ ਰਾਹੀਂ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬਣੀਆਂ ਹੋਈਆਂ ਸਰਾਵਾਂ ਦੇ ਨਕਸ਼ੇ ਪਾਸ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਵੇ ਕਿਉਂਕਿ ਇਹ ਸਾਰਵਾਂ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੇ ਬਿਨਾਂ ਨਕਸ਼ੇ ਤੋਂ ਬਣਾਈਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਮਸਲਿਆਂ ਨੂੰ ਨਿੱਜੀ ਦਿਲਚਸਪੀ ਲੈ ਕੇ ਹੱਲ ਕਰਨਗੇ।

Posted By: Jagjit Singh