ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ

ਅਕਾਲੀ ਦਲ ਵੱਲੋਂ ਕਿਸਾਨੀ ਹਿੱਤਾਂ ਦੀ ਰਾਖੀ ਲਈ ਭਾਰਤੀ ਜਨਤਾ ਪਾਰਟੀ ਨਾਲੋਂ ਕੀਤੇ ਗਏ ਤੋੜ ਵਿਛੋੜੇ ਦਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਅਕਾਲੀ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ। ਅਕਾਲੀ ਦਲ ਮੀਤ ਪ੍ਰਧਾਨ ਪੰਜਾਬ ਜਗਦੀਪ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕਲਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧੱਕੇ ਨਾਲ ਕਿਸਾਨ ਮਾਰੂ ਆਰਡੀਨੈਂਸ ਪਾਸ ਕੀਤਾ ਜਿਸ ਕਾਰਨ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਤੋੜਿਆ ਹੈ। ਉਨ੍ਹਾਂ ਕਿਹਾ ਕਿ ਜਿੰਨੀ ਭਾਜਪਾ ਸਰਕਾਰ ਕਸੂਰਵਾਦ ਹੈ, ਉਨੀ ਹੀ ਕਾਂਗਰਸ ਸਰਕਾਰ ਵੀ ਕਸੂਰਵਾਰ ਹੈ ਕਿਉਂਕਿ 2017 ਵਿਚ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵਿਧਾਨ ਸਭਾ ਵਿਚ ਕਾਲਾ ਕਾਨੂੰਨ ਲਿਆਂਦਾ ਸੀ। ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ 1947 ਤੋਂ ਲੈ ਕੇ ਕਾਂਗਰਸ ਸਿੱਖਾਂ 'ਤੇ ਜੁਲਮ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਅਤੇ ਦਿੱਲੀ ਵਿਚ ਕਤਲੇਆਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਸਰਕਾਰ ਬਣਾਉਣ ਵਿਚ ਅਕਾਲੀ ਦਲ ਦਾ ਵੱਡਾ ਰੋਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਆਰਡੀਨੈਂਸ ਜਾਰੀ ਕੀਤੇ ਹਨ ਉਹ ਕਿਸਾਨ, ਮਜਦੂਰ ਅਤੇ ਵਪਾਰੀਆਂ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਅਤੇ ਬੀਜੇਪੀ ਸਰਕਾਰ ਵੱਲੋਂ ਸੰਸਦ 'ਚ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਸੀ ਉੱਥੇ ਹੀ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨੀ ਹਿੱਤਾਂ ਨੂੰ ਮੁੱਖ ਰੱਖਦਿਆਂ ਭਾਜਪਾ ਨਾਲੋਂ ਨਾਤਾ ਤੋੜ ਕੇ ਹੋਰ ਵੱਡਾ ਤੇ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਹੁਣ ਸਪੱਸ਼ਟ ਹੋ ਗਿਆ ਹੈ ਅਕਾਲੀ ਦਲ ਕਿਸਾਨਾਂ ਦੀ ਆਪਣੀ ਪਾਰਟੀ ਹੈ ਅਤੇ ਕਿਸਾਨੀ ਲਈ ਕੋਈ ਵੀ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦੀ ਹੈ। ਇਸ ਮੌਕੇ ਬਲਜਿੰਦਰ ਸਿੰਘ ਬੋੜ ਤੇ ਹੋਰ ਮੌਜੂਦ ਸਨ।