ਪੰਜਾਬੀ ਜਾਗਰਣ ਟੀਮ, ਫ਼ਤਿਹਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ 40 ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ ਤੇ ਪੁਲਿਸ ਵੱਲੋਂ ਨਸ਼ਾ ਵਿਰੋਧੀ ਅਭਿਆਨ ਵੱਡੇ ਪੱਧਰ 'ਤੇ ਜਾਰੀ ਹੈ। ਉਕਤ ਦਾਅਵਾ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪਿੰਡ ਖਰੋੜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ 'ਤੇ ਨਸ਼ੇ ਨੂੰ ਖ਼ਤਮ ਕਰਨ ਲਈ ਪਿੰਡ ਤੇ ਮੁਹੱਲਾ ਪੱਧਰ ਤੇ ਪੁਲਿਸ-ਪਬਲਿਕ ਮੀਟਿੰਗਾ ਕਰ ਕੇ ਲੋਕਾਂ ਨੂੰ ਨਸ਼ੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਨਾਲ ਪੁਲਿਸ ਤੇ ਪਬਲਿਕ ਦੀ ਨੇੜਤਾ ਵੀ ਵਧਦੀ ਹੈ। ਪਬਲਿਕ ਦੇ ਸਹਿਯੋਗ ਤੋਂ ਬਿਨਾ ਨਸ਼ੇ ਤੇ ਅਪਰਾਧ ਨੂੰ ਖ਼ਤਮ ਨਹੀ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਨਸ਼ਾ ਕਰਦਾ ਹੈ, ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ ਅਤੇ ਜੋ ਨਸ਼ਾ ਵੇਚਦਾ ਹੈ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਖ਼ਤਮ ਕਰਨ ਲਈ ਨਸ਼ੇ ਵੇਚਣ ਵਾਲਿਆਂ ਦੀ ਚੈਨ ਨੂੰ ਤੋੜਨਾ ਵੀ ਜ਼ਰੂਰੀ ਹੈ। ਇਸ ਲਈ ਮੁਹੱਲਾ ਤੇ ਪਿੰਡ ਪੱਧਰ 'ਤੇ ਨਸ਼ੇ ਵੇਚਣ ਵਾਲਿਆਂ ਨੂੰ ਕਾਬੂ ਕਰ ਕੇ ਵੱਡੇ ਪੱਧਰ 'ਤੇ ਸਪਲਾਈ ਕਰਨ ਵਾਲਿਆਂ ਨੂੰ ਵੀ ਨਸ਼ਿਆਂ ਸਮੇਤ ਗਿ੍ਫ਼ਤਾਰ ਕਰ ਜੇਲ੍ਹ ਭੇਜਿਆ ਗਿਆ ਹੈ। ਇਸ ਮੌਕੇ ਪਿੰਡ ਖਰੋੜੀ ਦੇ ਸ੍ਰੀ ਗੁਰੂ ਹਰਿਰਾਇ ਸਾਹਿਬ ਯੁਵਕ ਸੇਵਾਵਾ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ, ਪਿੰਡ ਦੀਆਂ ਅੋਰਤਾਂ ਨਾਲ ਵੀ ਡਾ. ਰਵਜੋਤ ਗਰੇਵਾਲ ਨੇ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਦੱਸਿਆ ਕਿ ਪਿੰਡ ਮਨੌਲੀ, ਬਦੇਸ਼ਾ ਖੁਰਦ, ਭੁੱਟਾ, ਹਰਗਣਾ, ਬਾਠਾ ਖੁਰਦ, ਰਈਆਂ, ਨੰਗਲਾ, ਜੋਧਪੁਰ, ਫ਼ਤਹਿਪੁਰ ਅਰਾਈਆ, ਭਗਤਪੁਰਾ, ਰਾਮਗੜ੍ਹ ਸੈਣੀਆ, ਤਲਾਣੀਆਂ ਰੂਰਲ, ਗੁਰੂ ਨਾਨਕ ਪੁਰਾ ਨਗਰ, ਕੋਟਲਾ ਸੁਲੇਮਾਨ, ਰਾਏਪੁਰ ਗੁਜਰਾਂ, ਅਮਰਗੜ੍ਹ, ਖਰੋੜੀ, ਪੰਡਰਾਲੀ, ਪੰਜੋਲੀ ਖੁਰਦ, ਜੱਲ੍ਹਾ, ਚਨਾਲੋਂ, ਪਿੰਡ ਬਦੀਨਪੁਰ, ਲੁਹਾਰਮਾਜਰਾ, ਹਰੀਪੁਰ, ਭੱਟੋ ਸਮੇਤ 40 ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ। ਇਸ ਮੌਕੇ ਪਿੰਡ ਖਰੋੜੀ ਦੇ ਸਰਪੰਚ ਹਰਭਿੰਦਰ ਸਿੰਘ ਨੇ ਐੱਸਐੱਸਪੀ ਡਾ. ਰਵਜੋਤ ਗਰੇਵਾਲ, ਐੱਸਪੀ ਦਿਗਵਿਜੈ ਕਪਿਲ ਸਮੇਤ ਆਏ ਮਹਿਮਾਨਾਂ ਨੂੰ ਸਿਰੋਪੇ ਭੇਟ ਕਰ ਕੇ ਸਨਮਾਨਿਤ ਕੀਤਾ।