ਜ਼ਿਲ੍ਹਾ ਪ੍ਰੀਸ਼ਦ ਲਈ 39 ਤੇ ਸੰਮਤੀ ਚੋਣਾਂ ਲਈ 261 ਉਮੀਦਵਾਰ ਮੈਦਾਨ ’ਚ ਡਟੇ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 39 ਤੇ ਸੰਮਤੀ ਚੋਣਾਂ ਲਈ 261 ਉਮੀਦਵਾਰ ਚੋਣ ਮੈਦਾਨ ਵਿੱਚ
Publish Date: Tue, 09 Dec 2025 05:23 PM (IST)
Updated Date: Tue, 09 Dec 2025 05:24 PM (IST)

--25 ਪੋਲਿੰਗ ਬੂਥ ਹਾਈਪਰ ਸੈਂਸਟਿਵ ਅਤੇ 89 ਪੋਲਿੰਗ ਬੂਥ ਸੈਂਸਟਿਵ ਐਲਾਨੇ ਫ਼ੋਟੋ ਫ਼ਾਈਲ : 4 ਸੁਰਿੰਦਰ ਸਿੰਘ ਧਾਲੀਵਾਲ। ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਧੀਕ ਜ਼ਿਲ੍ਹਾ ਚੋਣ ਅਫ਼ਸਰ—ਕਮ— ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ ਕੁੱਲ 39 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਦਕਿ ਪੰਚਾਇਤ ਸੰਮਤੀ ਦੇ ਕੁੱਲ 77 ਜ਼ੋਨਾਂ ਵਿੱਚੋਂ 2 ਜ਼ੋਨਾਂ ਵਿਚ 2 ਉਮੀਦਵਾਰ ਨਿਰਵਿਰੋਧ ਜੇਤੂ ਚੁਣੇ ਜਾ ਚੁੱਕੇ ਹਨ ਜਦਕਿ ਬਾਕੀ ਦੇ 75 ਜ਼ੋਨਾਂ ਵਿਚ 261 ਉਮੀਦਵਾਰ ਕਿਸਮਤ ਅਜਮਾਉਣਗੇ। ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਜ਼ੋਨ ਖਮਾਣੋਂ ਵਿਖੇ ਕੁੱਲ 15 ਸੀਟਾਂ ਲਈ 48 ਉਮੀਦਵਾਰ, ਬਸੀ ਪਠਾਣਾ ਵਿਖੇ 15 ਸੀਟਾਂ ਲਈ 49 ਉਮੀਦਵਾਰ, ਸਰਹਿੰਦ ਵਿਖੇ 15 ਸੀਟਾਂ ਲਈ 54 ਉਮੀਦਵਾਰ, ਖੇੜਾ ਵਿਖੇ 13 ਸੀਟਾਂ ਲਈ 49 ਉਮੀਦਵਾਰ ਅਤੇ ਅਮਲੋਹ ਵਿਖੇ 17 ਸੀਟਾਂ ਲਈ 61 ਉਮੀਦਵਾਰ ਚੋਣ ਮੈਦਾਨ ਵਿਚ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਨਿਰਪੱਖ, ਸ਼ਾਂਤਮਈ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਲਗਭਗ 3000 ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 25 ਪੋਲਿੰਗ ਬੂਥ ਹਾਈਪਰ ਸੈਂਸਟਿਵ ਅਤੇ 89 ਪੋਲਿੰਗ ਬੂਥ ਸੈਂਸਟਿਵ ਐਲਾਨ ਕੀਤੇ ਗਏ ਹਨ ਜਿੱਥੇ ਸੁਰੱਖਿਆ ਦੇ ਵਧੇਰੇ ਇੰਤਜਾਮ ਕੀਤੇ ਗਏ ਹਨ। ਚੋਣ ਅਮਲੇ ਦੀ ਪਹਿਲੀ ਰਿਹਰਸਲ ਕਰਵਾਈ ਜਾ ਚੁੱਕੀ ਹੈ ਜਦਕਿ ਦੂਜੀ ਰਿਹਰਸਲ 10 ਦਸੰਬਰ ਨੂੰ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਹਰਸਲ ਲਈ ਦੇਸ਼ ਭਗਤ ਯੂਨੀਵਰਸਿਟੀ ਸੌਂਟੀ, ਅਮਲੋਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ, ਪਾਈਨ ਗਰੌਵ ਪਬਲਿਕ ਸਕੂਲ ਬਸੀ ਪਠਾਣਾ, ਭਾਈ ਨੰਦ ਲਾਲ ਆਡੀਟੋਰੀਅਮ ਹਾਲ, ਦੂਜੀ ਮੰਜਿ਼ਲ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਅਤੇ ਬਾਬਾ ਗੁਰਦਿੱਤ ਸਿੰਘ ਆਡੀਟੋਰੀਅਮ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਨਿਰਧਾਰਿਤ ਕੀਤੇੇ ਗਏ ਹਨ।