ਰਣਜੋਧ ਸਿੰਘ ਔਜਲਾ, ਫ਼ਤਹਿਗੜ੍ਹ ਸਾਹਿਬ : ਮੋਬਾਈਲ 'ਤੇ ਲੱਖਾਂ ਦੀ ਲਾਟਰੀ ਤੇ ਬੀਐੱਮਡਬਲਯੂ ਕਾਰ ਨਿਕਲਣ ਸਬੰਧੀ ਫ਼ੋਨ ਕਰ ਕੇ ਕਿਸਾਨ ਨਾਲ 23.50 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਕੁਲਜੀਤ ਸਿੰਘ ਵਾਸੀ ਸਰਹਿੰਦ ਸ਼ਹਿਰ ਨੇ ਸਮਾਜ ਸੇਵੀ ਦਵਿੰਦਰ ਭੱਟ, ਗੁਰਵਿੰਦਰ ਸਿੰਘ ਸੋਹੀ ਨੂੰ ਨਾਲ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਪੈਸੇ ਵਾਪਸ ਕਰਵਾਉਣ ਦੀ ਗੁਹਾਰ ਲਗਾਈ ਹੈ। ਕੁਲਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ ਤੇ ਉਸ ਨੇ ਆਪਣੇ ਬੱਚਿਆਂ ਦੇ ਵਿਆਹ ਕਰਨ ਲਈ ਪੈਸੇ ਜਮ੍ਹਾਂ ਕੀਤੇ ਸਨ। ਉਸ ਨੇ ਦੱਸਿਆ ਕਿ ਉਸ ਨੂੰ 18 ਮਈ ਨੂੰ ਫ਼ੋਨ ਆਇਆ ਸੀ ਕਿ ਉਸ ਨੂੰ 25 ਲੱਖ ਦੀ ਨਕਦੀ ਤੇ 1.50 ਕਰੋੜ ਦੀ ਬੀਐੱਮਡਬਲਯੂ ਕਾਰ ਨਿਕਲੀ ਹੈ, ਜਿਸ ਕਰ ਕੇ ਉਹ ਫ਼ੋਨ ਕਰਨ ਵਾਲਿਆਂ ਦੇ ਝਾਂਸੇ 'ਚ ਆ ਗਿਆ। ਇਸ ਤੋਂ ਬਾਅਦ ਉਸ ਨੂੰ ਫ਼ੋਨ ਆਇਆ ਕਿ ਸਟੇਟ ਬੈਂਕ ਆਫ਼ ਇੰਡੀਆ 'ਚ 12 ਹਜ਼ਾਰ ਰੁਪਏ ਜਮ੍ਹਾਂ ਕਰਵਾ ਜਾਣ ਜੋ ਉਸ ਨੇ ਜਮ੍ਹਾ ਕਰਵਾ ਦਿੱਤੇ। ਇਸ ਤੋਂ ਬਾਅਦ ਫਿਰ ਉਸ ਨੂੰ ਫ਼ੋਨ ਆਇਆ ਕਿ ਕਾਰ ਦੀ ਇੰਸ਼ੋਰੈਂਸ ਦੇ 49 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਜਾਣ ਉਹ ਵੀ ਉਸ ਨੇ ਜਮ੍ਹਾਂ ਕਰਵਾ ਦਿੱਤੇ, ਜਿਸ ਤੋਂ ਬਾਅਦ ਫ਼ੋਨ ਕਰਨ ਵਾਲੇ ਵਿਅਕਤੀਆਂ ਉਸ ਨੂੰ ਵੱਖ-ਵੱਖ ਮੋਬਾਈਲਾਂ ਤੋਂ ਫ਼ੋਨ ਕਰਕੇ ਸਟੇਟ ਬੈਂਕ ਆਫ਼ ਇੰਡੀਆ ਦੇ ਵੱਖ-ਵੱਖ ਖਾਤਿਆਂ 'ਚ 23.50 ਲੱਖ ਰੁਪਏ ਜਮ੍ਹਾਂ ਕਰਵਾ ਲਏ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਫ਼ੋਨ ਕਰ ਕੇ ਕਾਰ ਦੀ ਡਲਿਵਰੀ ਤੇ ਨਕਦੀ ਲੈਣ ਬਦਲੇ 9 ਲੱਖ ਦੀ ਮੰਗ ਕੀਤੀ ਤਾਂ ਉਸ ਨੇ ਪੈਸੇ ਨਾ ਹੋਣ ਦੀ ਅਸਮਰਥਾ ਜਤਾਈ ਤੇ ਸਾਰੀ ਗੱਲ ਉਨ੍ਹਾਂ ਦਵਿੰਦਰ ਭੱਟ ਤੇ ਗੁਰਵਿੰਦਰ ਸੋਹੀ ਨੂੰ ਦੱਸੀ ਜਿਨ੍ਹਾਂ ਦੱਸਿਆ ਕਿ ਉਸ ਨਾਲ ਤਾਂ ਠੱਗੀ ਹੋ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦੇ ਕੇ ਉਸ ਦੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ।