ਸਟਾਫ਼ ਰਿਪੋਰਟਰ, ਫ਼ਤਹਿਗੜ੍ਹ ਸਾਹਿਬ: ਸਿਹਤ ਵਿਭਾਗ ਦੀ ਕੋਰੋਨਾ ਰਿਪੋਰਟ 'ਚ 5 ਪੁਲਿਸ ਮੁਲਾਜ਼ਮਾਂ ਸਮੇਤ 23 ਵਿਅਕਤੀਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ। ਉਕਤ ਰਿਪੋਰਟ ਆਉਣ ਉਪਰੰਤ ਜ਼ਿਲ੍ਹੇ 'ਚ ਅਫਰਾ ਤਫਰੀ ਮਚ ਗਈ ਕਿਉਂਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ 'ਚ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੋਵੇ। ਸਿਵਲ ਸਰਜਨ ਡਾ. ਐੱਨਕੇ ਅਗਰਵਾਲ ਨੇ ਦੱਸਿਆ ਕਿ ਥਾਣਾ ਮੂਲੇਪੁਰ ਦੇ 5 ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਜਿਸ 'ਚ ਇਕ ਮਹਿਲਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ 'ਚ ਪਿੰਡ ਸਾਨੀਪੁਰ ਦਾ ਇਕ ਮਰਦ ਅਤੇ ਇਕ ਅੌਰਤ, ਪਿੰਡ ਰਾਮਪੁਰ, ਮਨੈਲਾਂ ਅਤੇ ਭੋਲੀਆਂ ਦੀਆਂ ਤਿੰਨ ਅੌਰਤਾਂ, ਸੇਖੂਪੁਰਾ 'ਚ ਇਕ ਮਰਦ, ਖਮਾਣੋਂ 'ਚ ਇਕ ਮਰਦ ਤੇ ਅੌਰਤ, ਪਿੰਡ ਕਸੂੰਭੜੀ 'ਚ 4 ਮਰਦ, ਆਲੀਆਂ 'ਚ ਇਕ ਅੌਰਤ, ਅਮਨ ਕਾਲੋਨੀ ਸਰਹਿੰਦ 'ਚ ਇਕ ਮਰਦ, ਹਮਾਂਯੂੰਪੁਰ 'ਚ ਇਕ ਮਰਦ ਤੇ ਇਕ ਅੌਰਤ ਪਿੰਡ ਰੈਲੀ 'ਚ ਇਕ ਮਰਦ ਅਤੇ ਪਿੰਡ ਨੂਰਪੁਰਾ 'ਚ ਇਕ ਮਰਦ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੂਲੇਪੁਰ ਨੂੰ ਸੀਲ ਕਰਕੇ ਸੈਨੇਟਾਈਜ਼ਰ ਦੀ ਸਪਰੇਅ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾ ਕੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਤੇ ਪੁਲਿਸ ਨੇ ਆਮ ਜਨਤਾ ਨੂੰ ਮਿਲਣ 'ਤੇ ਪਾਬੰਦੀ ਲਗਾ ਕੇ ਈਮੇਲ ਜਾਰੀ ਕਰ ਦਿੱਤੀ ਹਨ ਜਿਨ੍ਹਾਂ ਰਾਹੀਂ ਲੋਕਾਂ ਦਾ ਕੰਮ ਕੀਤਾ ਜਾਵੇ। ਡਾ. ਅਗਰਵਾਲ ਨੇ ਦੱਸਿਆ ਕਿ ਵਿਭਾਗ ਵਲੋਂ ਹੁਣ ਤਕ 12303 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 166 ਵਿਅਕਤੀ ਕੋਰੋਨਾ ਪੀੜਤ ਪਾਏ ਗਏ ਅਤੇ ਬਾਕੀ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਜਦਕਿ 44 ਵਿਅਕਤੀ ਇਲਾਜ਼ ਅਧੀਨ ਹਨ।