ਸਤੀਸ਼ ਕੁਮਾਰ, ਫਰੀਦਕੋਟ : ਪੰਜਾਬ ’ਚ ਪਾਸਪੋਰਟਾਂ ਦਾ ਹੜ੍ਹ ਵੇਖ ਕੇ ਲੱਗਦਾ ਹੈ ਕਿ ਇਸ ਮਾਮਲੇ ’ਚ ਪੰਜਾਬੀਆਂ ਦੀ ਕੋਈ ਰੀਸ ਨਹੀਂ ਹੈ। ਪੰਜਾਬ ’ਚ ਕਰੀਬ 55 ਲੱਖ ਘਰ ਹਨ ਜਦਕਿ ਲੰਘੇ ਸੱਤ ਵਰ੍ਹਿਆਂ ’ਚ 54.36 ਲੱਖ ਪਾਸਪੋਰਟ ਬਣ ਗਏ ਹਨ, ਭਾਵ ਪੰਜਾਬ ਦੇ ਔਸਤਨ ਹਰ ਘਰ ਕੋਲ ਇੱਕ ਪਾਸਪੋਰਟ ਹੈ। ਹੁਣ ਕਰੋਨਾ ਮਹਾਮਾਰੀ ਨੇ ਪੰਜਾਬ ’ਚ ਪਾਸਪੋਰਟਾਂ ਦੇ ਹੜ੍ਹ ਨੂੰ ਠੱਲ੍ਹ ਪਾਈ ਹੈ।

ਦੱਸਣਯੋਗ ਹੈ ਕਿ ਜਦੋਂ ਤੋਂ ਵਿਦੇਸਾਂ ਲਈ ਸਟੱਡੀ ਵੀਜੇ ਲਈ ਰਾਹ ਖੁੱਲ੍ਹੇ ਹਨ, ਉਦੋਂ ਤੋਂ ਪੰਜਾਬ ’ਚ ਧੜਾਧੜ ਨਵੇਂ ਪਾਸਪੋਰਟ ਬਣ ਰਹੇ ਹਨ। ਉੱਤਰੀ ਭਾਰਤ ’ਚੋਂ ਪੰਜਾਬ ਨੇ ਇਸ ਮਾਮਲੇ ’ਚ ਪਹਿਲਾ ਨੰਬਰ ਹਾਸਲ ਕੀਤਾ ਹੈ। ਪਹਿਲੀ ਜਨਵਰੀ 2014 ਤੋਂ ਫਰਵਰੀ 2021 ਤੱਕ ਪੰਜਾਬ ’ਚ 54.36 ਲੱਖ ਪਾਸਪੋਰਟ ਬਣੇ ਹਨ।

ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਲੰਘੇ ਵਰ੍ਹੇ 2020 ਦੌਰਾਨ 4.82 ਲੱਖ ਪਾਸਪੋਰਟ ਬਣੇ ਹਨ ਜਦਕਿ ਸਾਲ 2019 ਵਿੱਚ 9.46 ਲੱਖ ਪਾਸਪੋਰਟ ਬਣੇ ਸਨ। ਇਸ ਲਿਹਾਜ ਨਾਲ ਦੇਖੀਏ ਤਾਂ ਪੰਜਾਬ ਵਿੱਚ ਮਹਾਮਾਰੀ ਕਰਕੇ ਪਾਸਪੋਰਟ ਬਣਨ ਦੀ ਰਫਤਾਰ ਪੰਜਾਹ ਫੀਸਦੀ ਥੱਲੇ ਆਈ ਹੈ। ਸਾਲ 2019 ਦੌਰਾਨ ਔਸਤਨ ਰੋਜਾਨਾ 2593 ਪਾਸਪੋਰਟ ਬਣਦੇ ਸਨ ਜਦਕਿ ਸਾਲ 2020 (ਮਹਾਮਾਰੀ ਵਾਲਾ ਸਾਲ) ਦੌਰਾਨ ਰੋਜਾਨਾ ਔਸਤਨ 1321 ਪਾਸਪੋਰਟ ਬਣੇ ਹਨ।

ਚਾਲੂ ਵਰ੍ਹੇ ਦੇ ਪਹਿਲੇ ਦੋ ਮਹੀਨਿਆਂ ਦੌਰਾਨ 90,791 ਪਾਸਪੋਰਟ ਬਣੇ ਹਨ। ਬੇਸੱਕ ਸਮੁੱਚੇ ਭਾਰਤ ਵਿੱਚ ਨਵੇਂ ਪਾਸਪੋਰਟ ਬਣਨ ਦੀ ਗਿਣਤੀ ਨੂੰ ਬਰੇਕ ਲੱਗੀ ਹੈ ਪਰ ਪੰਜਾਬ ਦੂਸਰੇ ਸੂਬਿਆਂ ਦੇ ਮੁਕਾਬਲੇ ਫਿਰ ਵੀ ਪਾਸਪੋਰਟ ਬਣਾਉਣ ਵਿੱਚ ਜੁਟਿਆ ਰਿਹਾ ਹੈ।

ਪਾਸਪੋਰਟ ਬਣਾਏ ਜਾਣ ’ਤੇ ਔਸਤਨ ਕਰੀਬ ਦੋ ਹਜਾਰ ਰੁਪਏ ਤੋਂ ਵੱਧ ਖਰਚ ਆਉਂਦਾ ਹੈ ਅਤੇ ਲੰਘੇ ਸੱਤ ਸਾਲਾਂ ਵਿੱਚ ਪੰਜਾਬੀਆਂ ਨੇ ਕਰੀਬ 900 ਕਰੋੜ ਪਾਸਪੋਰਟ ਬਣਾਉਣ ’ਤੇ ਹੀ ਖਰਚ ਦਿੱਤੇ ਹਨ। ਫਰੀਦਕੋਟੀਆਂ ਦਾ ਕਹਿਣਾ ਸੀ ਕਿ ਸਮੁੱਚਾ ਵਿਸਵ ਕਰੋਨਾ ਦੀ ਲਪੇਟ ਵਿੱਚ ਆਇਆ ਹੈ ਜਿਸ ਕਰਕੇ ਸਟੱਡੀ ਵੀਜੇ ’ਤੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਦਰ ਘਟੀ ਹੈ ਪਰ ਨੌਜਵਾਨ ਪੀੜ੍ਹੀ ਬਾਹਰ ਜਾਣ ਲਈ ਕਾਹਲੀ ਹੈ। ਤੱਥਾਂ ਵੱਲ ਦੇਖੀਏ ਤਾਂ ਪੰਜਾਬ ਨੇ ਸਾਲ 2017 ਤੋਂ ਪਾਸਪੋਰਟ ਬਣਾਉਣ ਲਈ ਰਫਤਾਰ ਫੜੀ ਹੈ ਅਤੇ ਇਸ ਵਰ੍ਹੇ ਦੌਰਾਨ 9.73 ਲੱਖ ਪਾਸਪੋਰਟ ਬਣੇ, ਜਦਕਿ ਸਾਲ 2018 ਵਿੱਚ ਪੰਜਾਬ ’ਚ 10.69 ਲੱਖ ਪਾਸਪੋਰਟ ਬਣੇ ਸਨ, ਜੋ ਆਪਣੇ ਆਪ ਵਿੱਚ ਰਿਕਾਰਡ ਹੈ।

ਪੰਜਾਬ ਵਿੱਚ ਸਾਲ 2014 ਵਿੱਚ 5.48 ਲੱਖ, 2015 ਵਿੱਚ 6.65 ਲੱਖ ਅਤੇ ਸਾਲ 2016 ਵਿੱਚ 6.59 ਲੱਖ ਪਾਸਪੋਰਟ ਬਣੇ। ਪਾਸਪੋਰਟਾਂ ਦਾ ਇਹ ਰੁਝਾਨ ਤਸਦੀਕ ਕਰਦਾ ਹੈ ਕਿ ਜਵਾਨੀ ਪੰਜਾਬ ਨੂੰ ਛੱਡ ਕੇ ਜਾਣ ਲਈ ਕਿੰਨੀ ਕਾਹਲੀ ਹੈ। ਪੰਜਾਬ ਵਿੱਚ 14 ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਰਹੇ ਹਨ। ਕੇਂਦਰੀ ਵਿਦੇਸ ਮੰਤਰਾਲੇ ਵੱਲੋਂ 7 ਤੋਂ 11 ਦਿਨ ਦਾ ਸਮਾਂ ਪਾਸਪੋਰਟ ਜਾਰੀ ਕਰਨ ਲਈ ਲਿਆ ਜਾਂਦਾ ਹੈ।

ਇਸ ਤੋਂ ਪਹਿਲਾਂ ਸਾਲ 2015 ਵਿੱਚ ਪਾਸਪੋਰਟ ਲਈ 21 ਦਿਨ ਲੱਗ ਜਾਂਦੇ ਸਨ। ਪਾਸਪੋਰਟਾਂ ਦੀ ਖੇਤੀ ਨੂੰ ਕਰੋਨਾ ਮਹਾਮਾਰੀ ਨੇ ਕਰੰਡ ਕਰ ਦਿੱਤਾ ਹੈ। ਜਿੱਥੇ ਮਹਾਮਾਰੀ ਕਰਕੇ ਆਈਲੈੱਟਸ ਸੈਂਟਰਾਂ ਦਾ ਕੰਮ ਠੱਪ ਪਿਆ ਹੈ, ਉੱਥੇ ਹੀ ਵਿਦੇਸ ਜਾਣ ਵਾਲੇ ਮੁੰਡੇ-ਕੁੜੀਆਂ ਦੀ ਦਰ ’ਚ ਵੀ ਕਟੌਤੀ ਹੋਈ ਹੈ। ਦੱਸਣਯੋਗ ਹੈ ਕਿ ਮੁਲਕ ਭਰ ’ਚੋਂ ਪੰਜਾਬ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਪੰਜਵੇਂ ਨੰਬਰ ’ਤੇ ਹੈ।

Posted By: Jagjit Singh