ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ-ਅਬੋਹਰ ਰੋਡ 'ਤੇ ਪੈਂਦੇ ਪਿੰਡ ਮਹਾਂਬੱਧਰ 'ਚ ਪੈਟਰaਲ ਪੰਪ ਦੇ ਨਜ਼ਦੀਕ 23 ਸਾਲਾ ਨੌਜਵਾਨ ਦਾ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਨੌਜਵਾਨ ਦੀ ਲਾਸ਼ ਖਤਾਨਾਂ 'ਚ ਪਈ ਮਿਲੀ ਜਿਸ ਦੇ ਸਿਰ, ਮੱਥੇ ਤੇ ਕੰਨਾਂ 'ਤੇ ਵੀ ਸੱਟਾਂ ਦੇ ਨਿਸ਼ਾਨ ਹਨ।

ਜਾਣਕਾਰੀ ਅਨੁਸਾਰ ਪਿੰਡ ਉੜਾਂਗ ਵਾਸੀ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਸ੍ਰੀ ਮੁਕਤਸਰ ਸਾਹਿਬ 'ਚ ਫੋਟੋਗ੍ਰਾਫੀ ਦੀਆਂ ਦੁਕਾਨਾਂ 'ਤੇ ਕੰਮ ਕਰਦਾ ਸੀ। ਦੇਰ ਰਾਤ ਜਦ ਉਹ ਕੰਮ ਤੋਂ ਵਾਪਸ ਆਪਣੇ ਪਿੰਡ ਉੜਾਂਗ ਜਾ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਪਿੰਡ ਮਹਾਂਬੱਧਰ ਨੇੜੇ ਸਥਿਤ ਪੈਟਰੋਲ ਪੰਪ ਕੋਲ ਨੌਜਵਾਨ ਦੇ ਗਲ਼ੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਤੇ ਉਸ ਦਾ ਮੋਟਰਸਾਇਕਲ, ਮੋਬਾਈਲ ਤੇ ਹੋਰ ਸਾਮਾਨ ਖੋਹ ਕੇ ਨੌਜਵਾਨ ਨੂੰ ਝਾੜੀਆਂ 'ਚ ਸੁੱਟ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਸਵੇਰ ਵੇਲੇ ਕਿਸੇ ਰਾਹਗੀਰ ਨੇ ਪੁਲਿਸ ਨੂੰ ਦਿੱਤੀ।

ਥਾਣਾ ਸਦਰ ਮਲੋਟ ਦੇ ਮਲਕੀਤ ਸਿੰਘ ਤੇ ਡੀਐਸਪੀ ਭੁਪਿੰਦਰ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲਵਪ੍ਰੀਤ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਉਸ ਦਾ ਵਿਆਹ ਕਰੀਬ 7 ਮਹੀਨੇ ਪਹਿਲਾਂ ਹੀ ਹੋਇਆ ਸੀ। ਲਵਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਫੋਟੋਗ੍ਰਾਫੀ ਦੀਆਂ ਦੁਕਾਨਾਂ 'ਤੇ ਕੰਮ ਕਰਦਾ ਸੀ। ਵਿਆਹਾਂ ਤੇ ਹੋਰ ਖੁਸ਼ੀ ਦੇ ਸਮਾਗਮਾਂ 'ਚ ਡਰੋਨ ਉਡਾਉਣ ਦਾ ਵੀ ਕੰਮ ਕਰਦਾ ਸੀ। ਮ੍ਰਿਤਕ ਦਾ ਪਿਤਾ ਪਿੰਡ 'ਚ ਹੀ ਖੇਤੀਬਾੜੀ ਦਾ ਕੰਮ ਕਰਦਾ ਹੈ। ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Posted By: Rajnish Kaur