ਚਾਨਾ, ਕੋਟਕਪੂਰਾ : ਸਿਹਤ ਵਿਭਾਗ ਅਤੇ ਲੀਗਲ ਮੀਟਰੋਲੋਜੀ ਦੀ ਸਾਂਝੀ ਟੀਮ ਵੱਲੋਂ ਕੋਟਕਪੂਰਾ ਸ਼ਹਿਰ ਅੰਦਰ ਤੰਬਾਕੂ ਉਤਪਾਦ ਵਿਕਰੇਤਾਵਾਂ ਦੀਆਂ ਦੁਕਾਨਾਂ 'ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਟੀਮ ਵਿਚ ਲੀਗਲ ਮੀਟਰੋਲੋਜੀ ਇੰਸਪੈਕਰ ਨੀਰਜ ਧਵਨ, ਜ਼ਿਲ੍ਹਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਡਾ. ਹਿਮਾਂਸ਼ੂ ਗੁਪਤਾ, ਬਲਾਕ ਨੋਡਲ ਅਫਸਰ ਬੀਈਈ ਡਾ. ਪ੍ਰਭਦੀਪ ਸਿੰਘ ਚਾਵਲਾ, ਹੈਲਥ ਸੁਪਰਵਾਈਜ਼ਰ ਸੁਰੇਸ਼ ਕੁਮਾਰ ਅਤੇ ਹੈਲਥ ਵਰਕਰ ਗਗਨਦੀਪ ਸਿੰਘ ਸ਼ਾਮਲ ਸਨ। ਟੀਮ ਵੱਲੋਂ ਸ਼ਹਿਰ ਅੰਦਰ ਕੀਤੀ ਗਈ ਛਾਪੇਮਾਰੀ ਦੌਰਾਨ ਕੋਟਪਾ ਐਕਟ ਅਤੇ ਲੀਗਲ ਮੈਟਰਲੋਜੀ ਐਕਟ ਤਹਿਤ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਭਾਰੀ ਮਾਤਰਾ ਵਿਚ ਬਰਾਮਦ ਕੀਤੇ ਅਤੇ ਜ਼ਬਤ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ। ਟੀਮ ਵੱਲੋਂ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਕਿ ਪਾਬੰਦੀਸ਼ੁਦਾ ਤੰਬਾਕੂ ਦੀ ਵਿਕਰੀ ਨਾ ਕੀਤੀ ਜਾਵੇ। ਇੰਸਪੈਕਟਰ ਨੀਰਜ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕੁੱਝ ਦੁਕਾਨਦਾਰ ਗੈਰ-ਕਾਨੂੰਨੀ ਸਾਮਾਨ ਵੇਚ ਰਹੇ ਹਨ। ਇਸ ਸਬੰਧੀ ਵਿਸ਼ੇਸ਼ ਟੀਮ ਗਠਿਤ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਮੌਕੇ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ 5 ਚਲਾਨ ਕੱਟੇ ਹਨ, ਜਿਸ ਸਬੰਧੀ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਦਿੱਤੀ ਜਾਵੇਗੀ। ਉਨ੍ਹਾਂ ਛਾਪੇਮਾਰੀ 'ਚ ਸਹਿਯੋਗ ਦੇਣ ਲਈ ਪੁਲਿਸ ਪੀਸੀਆਰ ਟੀਮ ਦਾ ਧੰਨਵਾਦ ਕੀਤਾ। ਬੀਈਈ ਡਾ. ਪ੍ਰਭਦੀਪ ਨੇ ਕਿਹਾ ਕਿ ਵਿਭਾਗ ਦੀ ਟਾਸਕ ਫੋਰਸ ਵੱਲੋਂ ਵੱਖ-ਵੱਖ ਪਿੰਡ-ਕਸਬਿਆਂ ਅਤੇ ਸ਼ਹਿਰਾਂ ਵਿਚ ਕੋਟਪਾ ਐਕਟ ਸਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਚੈਕਿੰਗ ਕਰ ਕੇ ਚਾਲਾਨ ਕੱਟੇ ਜਾ ਰਹੇ ਹਨ ਅਤੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਅਤੇ 'ਪੰਜਾਬ ਤੰਬਾਕੂ ਮੁਕਤ' ਮੁਹਿੰਮ ਨਾਲ ਜੋੜਨ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਡਾ. ਅਨਿਲ ਗੋਇਲ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵੱਲੋਂ 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਵੇਗਾ।