ਅਸ਼ੋਕ ਧੀਰ, ਜੈਤੋ : ਦਬੜੀਖਾਨਾ ਵਿਖੇ ਦੋ ਜਣਿਆਂ ਦੀ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋ ਗਈ ਹੈ। ਥਾਣਾ ਜੈਤੋ ਦੇ ਏਐੱਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ (17-18 ਸਾਲ) ਪੁੁੱਤਰੀ ਰੋਸ਼ਨ ਸਿੰਘ ਵਾਸੀ ਗੋਨਿਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆਪਣੀ ਮਾਸੀ ਮਨਪ੍ਰੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ (ਦਬੜੀਖਾਨਾ) ਕੋਲ ਕਰੀਬ ਡੇਢ ਮਹੀਨਾ ਪਹਿਲਾਂ ਨਰਮਾ ਚੁਗਣ ਲਈ ਆਈ ਹੋਈ ਸੀ।

ਸੰਦੀਪ ਕੌਰ ਨੇ ਬੀਤੇ ਕੱਲ੍ਹ ਸ਼ੀਸ਼ੀ 'ਚ ਰੱਖੀ ਘਾਹ ਮਾਰਨ ਵਾਲੀ ਦਵਾਈ ਖੰਘ ਵਾਲੀ ਦਵਾਈ ਸਮਝ ਕੇ ਪੀ ਲਈ, ਜਦਕਿ ਦਵਿੰਦਰ ਸਿੰਘ (21) ਪੁੱਤਰ ਬਲਜੀਤ ਸਿੰਘ ਨੇ ਵੀ ਉਕਤ ਦਵਾਈ ਨੂੰ ਪੀ ਲਈ। ਦੋਵਾਂ ਦੀ ਹਾਲਤ ਵਿਗੜਨ ਲੱਗੀ ਤਾਂ ਗੋਨਿਆਣਾ (ਜ਼ਿਲ੍ਹਾ ਬਠਿੰਡਾ) ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਦੋਵਾਂ ਨੇ ਦਮ ਤੋੜ ਦਿੱਤਾ।

ਥਾਣਾ ਜੈਤੋ ਦੀ ਪੁਲਿਸ ਨੇ ਮਿ੍ਤਕ ਸੰਦੀਪ ਕੌਰ ਦੀ ਮਾਤਾ ਪਰਵੀਨ ਕੌਰ ਪਤਨੀ ਰੋਸ਼ਨ ਸਿੰਘ ਅਤੇ ਮਿ੍ਤਕ ਦਵਿੰਦਰ ਸਿੰਘ ਦੀ ਮਾਤਾ ਮਨਪ੍ਰੀਤ ਕੌਰ ਪਤਨੀ ਬਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਦੋਵਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ।