ਪੱਤਰ ਪ੍ਰਰੇਰਕ, ਫਰੀਦੋਕਟ : ਸਿਹਤ ਵਿਭਾਗ ਫਰੀਦਕੋਟ ਵੱਲੋਂ ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਹਿਨੀ ਗੋਇਲ ਦੀ ਅਗਵਾਈ 'ਚ ਵਿਸ਼ਵ ਮਾਨਸਿਕ ਸਿਹਤ ਦਿਵਸ ਸਬੰਧੀ ਟਰੇਨਿੰਗ ਅਤੇੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ 'ਚ ਡਾ. ਰਜਿੰਦਰ ਕੁਮਾਰ, ਡਾ. ਰਣਜੀਤ ਕੌਰ, ਡਾ. ਨੇਹਾ ਗੋਇਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਸਿਹਤਮੰਦ ਉਦੋਂ ਕਿਹਾ ਜਾਂਦਾ ਹੈ ਜਦੋਂ ਉਸ ਨੂੰ ਆਪਣੀਆਂ ਪਾਜ਼ਿਟਿਵ ਯੋਗਤਾਵਾਂ ਦਾ ਗਿਆਨ ਹੋਵੇ ਤੇ ਉਹ ਕਿਸੇ ਵੀ ਪ੍ਰਕਾਰ ਦੇ ਤਨਾਅ ਨੂੰ ਉਚਿਤ ਤਰੀਕੇ ਨਾਲ ਨਜਿੱਠਣ ਦੇ ਯੋਗ ਹੋਵੇ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਭਾਰਤ 'ਚ 13.7 ਪ੍ਰਤੀਸ਼ਤ ਵਸੋਂ ਮਾਨਸਿਕ ਰੋਗਾਂ ਤੋਂ ਪੀੜਿਤ ਹੈ ਤੇ 10.6% ਵਸੋਂ ਨੂੰ ਢੱੁਕਵੇਂ ਇਲਾਜ਼ ਦੀ ਜ਼ਰੂਰਤ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਡਿਪ੍ਰਰੈਸ਼ਨ, ਐਂਗਜਾਇਟੀ ਤੇ ਕਿਸੇ ਕਿਸਮ ਦਾ ਨਸ਼ਾ ਕਰਨਾ ਮਾਨਸਿਕ ਰੋਗ ਹਨ ਤੇ ਜੇਕਰ ਕਿਸੇ ਨੂੰ ਲੋੜੀਂਦੀ ਨੀਂਦ ਨਾ ਆਉਂਦੀ ਹੋਵੇ, ਭੁੱਖ ਨਾ ਲੱਗਦੀ ਹੋਵੇ ਅਤੇ ਉਹ ਕੋਈ ਕੰਮ ਵੀ ਨਾ ਕਰਦਾ ਹੋਵੇ ਤਾਂ ਉਹ ਮਾਨਸਿਕ ਰੋਗੀ ਹੋ ਸਕਦਾ ਹੈ ਅਤੇ ਉਸਨੂੰ ਕਿਸੇ ਮਨੋਰੋਗ ਮਾਹਿਰ ਡਾਕਟਰ ਪਾਸ ਇਲਾਜ਼ ਦੀ ਜਰੂਰਤ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਿਵਲ ਹਸਪਤਾਲ ਫਰੀਦਕੋਟ ਵਿਖੇ ਦੋ ਮਨੋਰੋਗ ਮਾਹਿਰ ਡਾਕਟਰਾਂ ਤੋਂ ਇਲਾਵਾ ਕੌਸਲਰ ਵੀ ਨਿਯੁਕਤ ਹਨ ਜਿੱਥੇ ਕਿ ਲੋੜਵੰਦ ਮਾਨਸਿਕ ਰੋਗੀ ਆਪਣਾ ਇਲਾਜ਼ ਕਰਵਾ ਸਕਦੇ ਹਨ। ਇਸ ਮੌਕੇ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਸਮੱਗਰੀ ਵੀ ਜਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹੇ 'ਚੋਂ ਸਮੂਹ ਅਧਿਆਪਕ ਆਦਿ ਹਾਜ਼ਰ ਸਨ।

10ਐਫ਼ਡੀਕੇ106:-ਜਾਗਰੂਕਤਾ ਸਮੱਗਰੀ ਜਾਰੀ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ।