ਪੱਤਰ ਪ੍ਰੇਰਕ, ਫਰੀਦਕੋਟ : ਪਿੰਡ ਨੰਗਲ ਵਿਖੇ ਕੋਟਸੁਖੀਆ ਸੰਪਰਕ ਸੜਕ ’ਤੇ ਇਕ ਮਿੱਟੀ ਨਾਲ਼ ਲੱਦਿਆ ਹੋਇਆ ਟਰੈਕਟਰ-ਟਰਾਲੀ ਅਚਾਨਕ ਪਲਣ ਜਾਣ ਨਾਲ ਟਰੈਕਟਰ ਡਰਾਈਵਰ ਅਤੇ ਉਸ ਦੇ ਨਾਲ ਬੈਠੇ ਨੌਜਵਾਨ ਦੀ ਦੁਖਦਾਇਕ ਮੌਤ ਹੋ ਗਈ। ਦੋਵੇਂ ਮਿ੍ਤਕ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇਵੀ ਵਾਲਾ ਦਾ ਵਸਨੀਕ ਬਲਜਿੰਦਰ ਸਿੰਘ (40) ਪੁੱਤਰ ਮੇਜਰ ਸਿੰਘ ਪਿੰਡ ਨੰਗਲ ਤੋਂ ਟਰੈਕਟਰ-ਟਰਾਲੀ ’ਚ ਮਿੱਟੀ ਦੀ ਭਰ ਕੇ ਕੋਟਕਪੂਰਾ ਵਿਖੇ ਲਿਜਾ ਰਿਹਾ ਸੀ ਤਾਂ ਰਸਤੇ ’ਚ ਕਿਸੇ ਵਹੀਕਲ ਨੂੰ ਜਗ੍ਹਾ ਦੇਣ ਲੱਗਿਆਂ ਅਚਾਨਕ ਟਰੈਕਟਰ-ਟਰਾਲੀ ਨੀਵੇਂ ਥਾਂ ਪਲਟ ਗਈ। ਇਸ ਕਾਰਨ ਟਰੈਕਟਰ ਚਲਾ ਰਹੇ ਬਲਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਉਸ ਦੇ ਨਾਲ ਬੈਠਾ ਲਖਵਿੰਦਰ ਸਿੰਘ ਲੱਖਾ (19) ਵਾਸੀ ਪਿੰਡ ਨਾਥੇ ਵਾਲਾ (ਮੋਗਾ) ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ਪਰ ਇਕੱਤਰ ਹੋਏ ਲੋਕਾਂ ਨੇ ਇਲਾਜ਼ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਲਖਵਿੰਦਰ ਸਿੰਘ ਲੱਖਾ ਦਾ ਮਹਿਜ਼ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਮਿ੍ਤਕ ਬਲਜਿੰਦਰ ਸਿੰਘ ਦੇ ਭਰਾ ਦਾ ਦਾਮਾਦ ਸੀ। ਮਿ੍ਤਕ ਬਲਜਿੰਦਰ ਸਿੰਘ ਤਿੰਨ ਲੜਕੀਆਂ ਅਤੇ ਇਕ ਲੜਕੇ ਦਾ ਪਿਤਾ ਸੀ।

Posted By: Jaswinder Duhra