ਤਰਸੇਮ ਚਾਨਣਾ, ਫਰੀਦਕੋਟ : ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਮੋਬਾਈਲ ਫੋਨ ਅਤੇ ਸਿਮ ਮਿਲਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਪਰ ਜੇਲ੍ਹ ਪ੍ਰਸ਼ਾਸਨ ਦੁਆਰਾ ਇਸ ਦਾ ਕੋਈ ਪੁਖ਼ਤਾ ਹੱਲ ਨਹੀਂ ਕੱਿਢਆ ਜਾ ਸਕਿਆ। ਹਰ ਵਾਰ ਮੋਬਾਈਲ ਫੋਨ ਮਿਲਣ 'ਤੇ ਸਿਟੀ ਕੋਤਵਾਲੀ 'ਚ ਕਿਸੇ ਕੈਦੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਜਾਂਦਾ ਹੈ ਜਾਂ ਕਿਸੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾਂ ਦਰਜ ਕਰਵਾ ਕੇ ਫਿਰ ਮੋਬਾਈਲ ਫੋਨ ਬਰਾਮਦ ਹੋਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ। ਬੀਤੀ ਸ਼ਾਮ ਵੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਬੇਗ ਸਿੰਘ ਵੱਲੋਂ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਅਤੇ ਸਟਾਫ ਨਾਲ ਜੇਲ੍ਹ ਦੇ ਈ ਬਲਾਕ ਦੀ ਜਾਂਚ ਕੀਤੀ ਤਾਂ ਬੈਰਕ ਨੰਬਰ 2 ਦੇ ਬਾਥਰੂਮ 'ਚੋਂ ਤਿੰਨ ਮੋਬਾਈਲ ਫੋਨ ਸਿਮ ਤੋਂ ਬਿਨਾਂ ਅਤੇ ਦੋ ਸਿਮ ਲਾਵਾਰਿਸ ਹਾਲਤ ਵਿਚ ਮਿਲੇ। ਜਿਸ ਦੀ ਸ਼ਿਕਾਇਤ ਕੀਤੇ ਜਾਣ 'ਤੇ ਸਿਟੀ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।