ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਜ਼ਿਲ੍ਹਾ ਪੁਲਿਸ ਨੇ ਸ਼ਹਿਰ ਦੇ ਇਕ ਐੱਮਸੀ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਸਣੇ ਤਿੰਨ ਨੂੰ ਨਾਜਾਇਜ਼ ਅਸਲੇ ਸਣੇ ਗਿ੍ਫ਼ਤਾਰ ਕੀਤਾ ਹੈ।

ਜਸਤਿੰਦਰ ਸਿੰਘ ਧਾਲੀਵਾਲ ਡੀਐੱਸਪੀ ਇਨਵੈਸਟੀਗੇਸ਼ਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਇਕਬਾਲ ਸਿੰਘ ਸੰਧੂ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੂੰ ਗੁਪਤ ਇਤਲਾਹ ਮਿਲੀ ਕਿ ਸਥਾਨਕ ਸਾਦਿਕ ਰੋਡ 'ਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਬਲਦੇਵ ਸਿੰਘ ਵਾਸੀ ਬਾਜ਼ੀਗਰ ਬਸਤੀ ਫ਼ਰੀਦਕੋਟ, ਸ਼ਮਸ਼ੇਰ ਕੁਮਾਰ ਉਰਫ਼ ਸ਼ੇਰਾ ਪੁੱਤਰ ਜਗਦੀਸ਼ ਕੁਮਾਰ ਵਾਸੀ ਸੁੰਦਰ ਨਗਰ ਕੋਟਈਸੇ ਖਾਂ ਜ਼ਿਲ੍ਹਾ ਮੋਗਾ ਹਾਲ ਆਬਾਦ ਫ਼ਰੀਦਕੋਟ ਅਤੇ ਰਮਨਦੀਪ ਸਿੰਘ ਉਰਫ਼ ਰਮਨ ਪੁੱਤਰ ਲਖਮੀਰ ਸਿੰਘ ਵਾਸੀ ਮਚਾਕੀ ਕਲਾਂ ਬਾਜ਼ੀਗਰ ਬਸਤੀ ਦੇ ਪਿਛਲੇ ਪਾਸੇ ਪੈਂਦੇ ਰਜਵਾੜਾਸ਼ਾਹੀ ਵੇਲੇ ਦੇ ਜਹਾਜ਼ ਗਰਾਊਂਡ 'ਚ ਕਿੱਕਰਾਂ 'ਚ ਅਸਲੇ ਸਮੇਤ ਬੈਠੇ ਹਨ।

ਜਦ ਪੁਲਿਸ ਪਾਰਟੀ ਵੱਲੋਂ ਰੇਡ ਮਾਰੀ ਗਈ ਤਾਂ ਉਕਤ ਤਿੰਨਾਂ ਮੁਲਜ਼ਮਾਂ ਕੋਲੋਂ ਇਕ ਪਿਸਤੌਲ 315 ਬੋਰ ਦੇਸੀ, 5 ਕਾਰਤੂਸ ਤੇ ਪਲਟੀਨਾ ਮੋਟਰਸਾਈਕਲ ਬਰਾਮਦ ਕਰ ਕੇ ਕਾਬੂ ਕਰ ਲਿਆ ਗਿਆ। ਪੁੱਛਗਿੱਛ ਕਰਨ 'ਤੇ ਇਨ੍ਹਾਂ 'ਚੋਂ ਰਮਨਦੀਪ ਸਿੰਘ ਨੂੰ ਛੱਡ ਕੇ ਉਕਤ ਦੋ ਮੁਲਜ਼ਮਾਂ ਨੇ ਮੰਨਿਆ ਕਿ ਇਨ੍ਹਾਂ ਕਿਸੇ ਰੰਜ਼ਿਸ਼ 'ਚ ਫ਼ਰੀਦਕੋਟ ਵਾਸੀ ਐੱਮਸੀ ਦਵਿੰਦਰ ਕੁਮਾਰ ਉਰਫ਼ ਟਿੰਟੂ 'ਤੇ ਫ਼ਾਇਰ ਕੀਤੇ ਸਨ ਤੇ ਇਸ ਉਪਰੰਤ ਉਹ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ ਸਨ।