ਜਸਵਿੰਦਰ ਸਿੰਘ ਜੱਸਾ, ਜੈਤੋ : ਪਾਵਰਕਾਮ ਟਰਾਂਸਕੋ ਆਊਟਸੋਰਸਿੰਗ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਪਟਿਆਲਾ ਵਿਖੇ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ, ਜਿਸ 'ਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੁੱਝ ਅਹਿਮ ਫੈਸਲੇ ਕੀਤੇ ਗਏ। ਜਿਸ ਵਿਚ ਪੰਜਾਬ ਸਰਕਾਰ ਦੀ ਨਵੀਂ ਪਾਲਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਆਈ ਹੈ। ਉਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਊਟਸੋਰਸਿੰਗ ਵਰਕਰਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ ਅਤੇ ਯੂਨੀਅਨ ਦੇ ਕੌਮੀ ਕਨਵੀਨਰ ਹਰਭਜਨ ਸਿੰਘ ਪਿਲਖਨੀ ਅਤੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਬਹੁਤ ਹੀ ਘਾਤਕ ਤੇ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ, ਜਿਨ੍ਹਾਂ ਦਾ ਸਾਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਚਾਹੀਦੇ ਹਨ। ਮੀਟਿੰਗ ਕਰਨ ਉਪਰੰਤ ਮਹਿਕਮੇ ਦੇ ਆਈਆਰ ਦੇ ਵਿਭਾਗ ਦੇ ਮੁੱਖੀ ਡਿਪਟੀ ਸੈਕਟਰੀ ਆਈਆਰ ਰਣਬੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਤੋਂ ਪੱਕੇ ਕਰਨ ਸਬੰਧੀ, ਬਰਾਬਰ ਕੰਮ ਬਰਾਬਰ ਤਨਖਾਹ ਸਬੰਧੀ, ਪਿਛਲੇ ਬਕਾਏ ਏਰੀਅਰ ਬਾਰੇ, ਓਵਰਟਾਈਮ ਬਾਰੇ, ਆਊਟਸੋਰਸਿੰਗ ਵਰਕਰ ਸਾਥੀ ਨਾਲ ਅਣਸੁਖਾਵੀਂ ਘਟਨਾ ਵਾਪਰਨ ਤੇ ਬਣਦਾ ਮੁਆਵਜ਼ਾ ਪਰਿਵਾਰ ਨੂੰ ਪੱਕੀ ਨੌਕਰੀ ਦੇਣ ਸਬੰਧੀ ਮੰਗ ਪੱਤਰ ਮਹਿਕਮੇ ਨੂੰ ਦਿੱਤਾ ਗਿਆ। ਬੇਨਤੀ ਕੀਤੀ ਗਈ ਕਿ ਸਾਡੀਆਂ ਇਨ੍ਹਾਂ ਮੰਗਾਂ ਨੂੰ ਪੈਨਲ ਮੀਟਿੰਗ ਦੇ ਕੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਮਜਬੂਰਨ ਸੰਘਰਸ਼ਾਂ ਦੇ ਰਾਹ 'ਤੇ ਚਲਣਾ ਪਵੇਗਾ। ਇਸ ਦੀ ਜ਼ਿੰਮੇਵਾਰ ਮੈਨੇਜਮੈਂਟ ਹੋਵੇਗੀ।