ਸਤੀਸ਼ ਕੁਮਾਰ, ਫ਼ਰੀਦਕੋਟ : ਹੱਡ ਚੀਰਵੀਂ ਠੰਢ 'ਚ ਵਿਦਿਆਰਥੀ ਠਰਦੇ ਰਹੇ ਤੇ ਸਰਕਾਰ ਪਾਸੋਂ ਮਿਲਣ ਵਾਲੀਆਂ ਗ਼ਰਮ ਵਰਦੀਆਂ ਦੀ ਉਡੀਕ ਕਰਦੇ ਰਹੇ ਪਰ ਸਰਕਾਰ ਨੇ ਇਸ ਪਾਸੇ ਉੱਕਾ ਹੀ ਧਿਆਨ ਨਹੀ ਦਿੱਤਾ। ਹੁਣ ਜਦੋਂ ਸਰਦ ਰੁੱਤ ਤਕਰੀਬਨ ਖ਼ਤਮ ਹੋਣ ਕਿਨਾਰੇ ਹੈ ਤਾਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਜ਼ਰੀਏ ਵਿਦਿਆਰਥੀਆਂ ਨੂੰ ਵਿੱਦਿਅਕ ਸ਼ੈਸਨ 2018-19 ਦੀਆਂ ਗ਼ਰਮ ਵਰਦੀਆਂ ਸਕੂਲਾਂ 'ਚ ਭੇਜੀਆਂ ਜਾ ਰਹੀਆਂ ਹਨ। ਇਹ ਮਾਮਲਾ ਫ਼ਰੀਦਕੋਟ ਦੇ ਨੇੜਲੇ ਜੈਤੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਉਸ ਵਕਤ ਸਾਹਮਣੇ ਆਇਆ, ਜਦੋਂ ਪੰਜਾਬ ਸਰਕਾਰ ਦੇ ਜ਼ਰੀਏ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਦੇ ਕਰੀਬ 240 ਬੱਚਿਆਂ ਲਈ ਠੰਢ 'ਚ ਪਾਉਣ ਵਾਲੀਆਂ ਸਕੂਲੀ ਵਰਦੀਆਂ ਗ਼ਰਮੀ 'ਚ ਭੇਜੀਆਂ ਗਈਆਂ ਤਾਂ ਸਕੂਲੀ ਅਧਿਆਪਕ ਆਗੂ ਨੇ ਵਰਦੀਆਂ ਦੀ ਕੁਆਲਟੀ 'ਤੇ ਸਵਾਲ ਉਠਾਏ ।

ਜਾਣਕਾਰੀ ਅਨੁਸਾਰ ਸਕੂਲੀ ਵਿਦਿਆਰਥੀਆਂ ਲਈ ਵਰਦੀਆਂ 2018-19 ਦੇ ਸੈਸ਼ਨ ਲਈ ਭੇਜੀਆਂ ਗਈਆਂ ਹਨ, ਜਿਸ 'ਚ ਕੁੜੀਆਂ ਲਈ ਸਲਵਾਰ- ਕਮੀਜ਼ , ਦੁਪੱਟਾ, ਬੂਟ-ਜੁਰਾਬਾਂ ਤੇ ਕੋਟੀ ਦੇ ਨਾਲ- ਨਾਲ ਮੁੰਡਿਆਂ ਲਈ ਪੈਂਟ ਕਮੀਜ਼, ਬੂਟ, ਜੁਰਾਬਾਂ, ਪਟਕਾ ਤੇ ਟੋਪੀਆਂ ਸਮੇਤ ਜਰਸੀਆਂ ਸ਼ਾਮਲ ਹਨ। ਇਸ ਮਾਮਲੇ ਸਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਕੂਲ 'ਚ ਪੜ੍ਹਨ ਵਾਲੇ ਕਰੀਬ 240 ਵਿਦਿਆਰਥੀਆਂ ਲਈ ਸਰਕਾਰ ਦੇ ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਵਰਦੀਆਂ ਭੇਜੀਆਂ ਗਈਆਂ ਹਨ, ਜਿਨ੍ਹਾਂ ਨੂੰ ਨਤੀਜੇ ਵਾਲੇ ਦਿਨ ਵੰਡਿਆ ਜਾਵੇਗਾ ਤੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਰਦੀਆਂ ਦੀ ਵਰਦੀ ਹੈ।

ਦੂਜੇ ਪਾਸੇ ਸਕੂਲ ਅਧਿਆਪਕ ਸੁਖਵਿੰਦਰ ਸਿੰਘ ਨੇ ਸਰਕਾਰ ਦੀ ਮਨਸ਼ਾ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਸੈਸ਼ਨ 'ਚ ਭੇਜੀਆਂ ਗਈਆਂ ਵਰਦੀਆਂ 'ਤੇ ਜ਼ਿਆਦਾ ਪੈਸੇ ਖ਼ਰਚ ਕੀਤੇ ਜਾਣ ਦੇ ਬਾਵਜੂਦ ਕੁਆਲਟੀ ਬਹੁਤ ਹੀ ਮਾੜੀ ਹੈ।

ਕੋਈ ਗੱਲ ਨ੍ਹੀਂ, ਸਾਂਭ ਕੇ ਰੱਖ'ਲੋ ਸਿਆਲਾਂ 'ਚ ਕੰਮ ਆਉਣਗੀਆਂ : ਡੀਈਓ

ਉਕਤ ਮਾਮਲੇ ਸਬੰਧੀ ਜਦ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚਲੋ ਕੋਈ ਗੱਲ ਨਹੀ, ਬੱਚੇ ਸਾਲ ਭਰ ਕੋਟੀਆਂ ਸਾਂਭ ਕੇ ਰੱਖਣ, ਸਰਦੀਆਂ 'ਚ ਕੰਮ ਆਉਣਗੀਆਂ । ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਜੇ ਸਕੂਲੀ ਵਿਦਿਆਰਥੀਆਂ ਨੂੰ ਸਰਕਾਰ ਸਮੇਂ ਸਿਰ ਵਰਦੀਆਂ ਮੁਹੱਈਆ ਕਰਵਾ ਦੇਵੇ ਤਾਂ ਬੱਚਿਆਂ ਦੇ ਸੀਜ਼ਨ ਮੁਤਾਬਕ ਕੰਮ ਆ ਸਕਦੀ ਹੈ, ਜਿਸ 'ਤੇ ਉਨ੍ਹਾਂ ਕਿਹਾ ਕਿ ਅੱਗੇ ਤੋਂ ਇਸੇ ਹੀ ਤਰ੍ਹਾਂ ਹੋਵੇਗਾ ।