ਪੱਤਰ ਪੇ੍ਰਰਕ, ਫਰੀਦਕੋਟ : ਸਿਵਲ ਸਰਜਨ ਡਾ. ਨਰੇਸ਼ ਕੁਮਾਰ ਬਠਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ, ਪੀਐੱਚਸੀ ਜੰਡ ਸਾਹਿਬ ਡਾ. ਰਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਵੈਕਸੀਨ ਸਟੋਰ ਜੰਡ ਸਾਹਿਬ ਵਿਖੇ ਨੋਡਲ ਅਫਸਰ ਆਈਈਸੀ ਸਰਗਰਮੀਆਂ ਬੀਈਈ ਡਾ. ਪ੍ਰਭਦੀਪ ਸਿੰਘ ਚਾਵਲਾ ਅਤੇ ਸਟਾਫ ਨਰਸ ਰਾਜਬੀਰ ਕੌਰ ਨੇ ਬਲਾਕ ਅਧੀਨ ਖਸਰਾ ਰੁਬੈਲਾ ਟੀਕਾਕਰਨ ਮੁਹਿੰਮ ਤੇਜ਼ ਕਰਨ, ਟੀਡੀ-5 ਅਤੇ ਟੀਡੀ-10 ਟੀਕਾਕਰਨ ਸਬੰਧੀ 0 ਤੋਂ 5 ਸਾਲ ਦੇ ਬੱਚਿਆਂ ਦੀ ਗਿਣਤੀ ਲਈ ਵਿਸ਼ੇਸ਼ ਸਰਵੇ ਕਰਨ, ਹਰ ਬੱਚੇ ਦਾ ਟੀਕਾਕਰਨ ਕਾਰਡ ਚੈੱਕ ਕਰ ਕੇ ਦੇਖਣ ਅਤੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦੀ ਸੂਚੀ ਬਣਾ ਕਿ ਉਨ੍ਹਾਂ ਦਾ ਜਲਦੀ ਤੋਂ ਜਲਦੀ ਟੀਕਾਕਰਨ ਮੁਕੰਮਲ ਕਰਨ ਲਈ ਮਾਈਕਰੋਪਲੇਨ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ 2023 ਤਕ ਮੀਜ਼ਲ ਅਤੇ ਰੁਬੈਲਾ ਬਿਮਾਰੀ ਤੋਂ ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਅਸ਼ੋਕ ਚੱਕਰ ਹਾਲ ਮਿੰਨੀ ਸਕੱਤਰੇਤ ਵਿਖੇ ਡਾ. ਰੂਹੀ ਦੁੱਗ, ਆਈਏਐੱਸ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਪ੍ਰਧਾਨਗੀ ਅਤੇ ਡਾ. ਨਰੇਸ਼ ਕੁਮਾਰ ਬਠਲਾ ਸਿਵਲ ਸਰਜਨ ਦੀ ਅਗਵਾਈ ਹੇਠ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੀਜ਼ਲ ਅਤੇ ਰੁਬੇਲਾ ਦਾ ਟੀਕਾਕਰਨ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਕੀਤਾ ਜਾ ਰਿਹਾ ਹੈ। ਜਿਸ ਵਿਚ ਪਹਿਲਾ ਟੀਕਾ ਨੌਂ ਮਹੀਨਿਆਂ ਦੀ ਉਮਰ ਤੇ ਅਤੇ ਦੂਸਰਾ ਟੀਕਾ ਡੇਢ ਸਾਲ ਦੀ ਉਮਰ 'ਤੇ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿ ਉੱਚ ਅਧਿਕਾਰੀਆਂ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਿਹਤ ਵਿਭਾਗ ਦੇ ਫੀਲਡ ਸਟਾਫ ਵੱਲੋਂ ਇਸ ਮੁਹਿੰਮ ਦੌਰਾਨ ਪੰਜ ਸਾਲ ਤਕ ਦੇ ਸਾਰੇ ਬੱਚਿਆਂ ਦਾ ਸਰਵੇ ਕੀਤਾ ਜਾਵੇਗਾ ਅਤੇ ਇਨ੍ਹਾਂ ਬਿਮਾਰੀਆਂ ਦੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ 100 ਫ਼ੀਸਦੀ ਟੀਕਾਕਰਨ ਕਰਨ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ ਤਾਂ ਜੋ ਇਸ ਬਿਮਾਰੀ ਨੂੰ 2023 ਤਕ ਸਾਡੇ ਦੇਸ਼ ਵਿਚੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਬੱਚੇ ਜਿਨ੍ਹਾਂ ਦੇ ਹਾਲੇ ਤਕ ਮੀਜ਼ਲ ਅਤੇ ਰੁਬੈਲਾ ਦੇ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਹਨ, ਉਹ ਇਹ ਖੁਰਾਕਾਂ ਜਲਦੀ ਤੋਂ ਜਲਦੀ ਨੇੜੇ ਦੇ ਸਿਹਤ ਕੇਂਦਰ ਤੋਂ ਲਗਵਾ ਲੈਣ। ਡੇਢ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਜਿਨ੍ਹਾਂ ਦੇ ਹਾਲੇ ਤਕ ਇਹ ਟੀਕਾਕਰਨ ਨਹੀਂ ਹੋਇਆ, ਨੂੰ 6 ਮਹੀਨੇ ਦੇ ਅੰਤਰ ਤੇ ਦੋ ਡੋਜ਼ ਲਾਈਆਂ ਜਾਣਗੀਆਂ।