ਹਰਪ੍ਰੀਤ ਸਿੰਘ ਚਾਨਾ, ਕੋਟਕਪੂਰਾ : ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਲਈ ਗਠਿਤ ਹੋਈ ਐੱਸਆਈਟੀ ਦੇ ਮੁਖੀ ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਟੀਮ ਨੇ ਸਥਾਨਕ ਬੱਤੀਆਂ ਵਾਲਾ ਚੌਕ ਦੀ ਜਾਂਚ ਕੀਤੀ, ਜਿੱਥੇ ਇਹ ਕਾਂਡ ਵਾਪਰਿਆ ਸੀ। ਉਕਤ ਕਾਰਵਾਈ ਨੂੰ ਐੱਸਆਈਟੀ ਦੀ ਉਕਤ ਟੀਮ ਨੇ ਪੱਤਰਕਾਰਾਂ ਤੋਂ ਇਥੋਂ ਤੱਕ ਦੂਰੀ ਬਣਾਈ ਰੱਖੀ ਕਿ ਫੋਟੋ ਤਕ ਖਿੱਚਣ ਦੀ ਵੀ ਇਜਾਜ਼ਤ ਨਹੀਂ ਸੀ।

ਜਾਣਕਾਰੀ ਅਨੁਸਾਰ ਗੁਲਜੀਤ ਸਿੰਘ ਖੁਰਾਣਾ ਐੱਸਐੱਸਪੀ ਮੋਗਾ ਅਤੇ ਗੁਰਦੀਪ ਸਿੰਘ ਗੋਸਲ ਐਸਪੀ ਵਿਜੀਲੈਂਸ ਚੰਡੀਗੜ੍ਹ ਦੀ ਅਗਵਾਈ ਵਿੱਚ ਆਈ ਉਕਤ ਟੀਮ ਨੇ ਸਥਾਨਕ ਬੱਤੀਆਂ ਵਾਲੇ ਚੌਕ ਵਿੱਚ ਉਸ ਜਗਾ ਦਾ ਪਹਿਲਾਂ ਮੁਆਇਨਾ ਕੀਤਾ, ਜਿੱਥੇ 14 ਅਕਤੂਬਰ 2015 ਨੂੰ ਵਾਪਰੇ ਗੋਲ਼ੀਕਾਂਡ ਤੋਂ ਪੀੜਤ ਅਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੰਨਾ ਗੁਲਾਬ ਸਿੰਘ ਜ਼ਿਲ੍ਹਾ ਬਰਨਾਲਾ ਦੇ ਬਿਆਨਾ ਦੇ ਆਧਾਰ ’ਤੇ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਕਰੀਬ 3 ਸਾਲਾਂ ਬਾਅਦ ਅਰਥਾਤ 07/08/2018 ਨੂੰ ਆਈਪੀਸੀ ਦੀ ਧਾਰਾ 307/323/341/148/149 ਅਤੇ ਆਰਮਜ਼ ਐਕਟ ਆਦਿਕ ਦੀਆਂ ਧਾਰਾਵਾਂ ਤਹਿਤ ਅਣਪਛਾਤੀ ਪੁਲਿਸ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੀੜਤ ਅਜੀਤ ਸਿੰਘ ਦੇ ਵੱਜੀ ਗੋਲ਼ੀ ਵਾਲੀ ਜਗ੍ਹਾ ਦਾ ਬਾਕਾਇਦਾ ਨਕਸ਼ਾ ਤਿਆਰ ਕੀਤਾ ਗਿਆ, ਇੱਥੋਂ ਤਕ ਕਿ ਇਕ ਇਕ ਇੰਚ ਦੀ ਮਿਣਤੀ ਵੀ ਕੀਤੀ ਗਈ ਤੇ ਉਕਤ ਕੰਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੀ ਫੌਰੈਂਸਿਕ ਟੀਮ ਦਾ ਪੂਰਨ ਸਹਿਯੋਗ ਰਿਹਾ। ਸਥਾਨਕ ਡੀਐੱਸਪੀ ਦੇ ਦਫਤਰ ਵਿੱਚ ਲਗਭਗ 3 ਘੰਟੇ ਤਕ ਮੌਜੂਦ ਰਹੀ, ਸਾਰੀਆਂ ਗੋਲ਼ੀਕਾਂਡ ਦੇ ਮਾਮਲੇ ਨਾਲ ਜੁੜੀਆਂ ਫਾਈਲਾਂ ਪੜਤਾਲੀਆਂ ਅਤੇ ਦਸਤਾਵੇਜ਼ ਚੈੱਕ ਕੀਤੇ ਗਏ।

Posted By: Jagjit Singh