ਜਸਵਿੰਦਰ ਸਿੰਘ ਜੱਸਾ, ਜੈਤੋ : ਲੋਕ ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਜੈਤੋ ਦੇ ਵਾਰਡ ਨੰਬਰ 6 ਲੱਖੇ ਵਾਲੇ ਖੂਹ ਨੇੜਲੀ ਬਾਬਾ ਵੀਰ ਸਿੰਘ ਵਾਲੀ ਗਲੀ ਦੇ ਲੋਕ ਬੇਹੱਦ ਤਰਸਯੋਗ ਹਾਲਤ ਨਾਲ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਲੋਕ ਇਕ ਪਾਸੇ ਕੱਚੀ ਗਲੀ ਦੇ ਚਿੱਕੜ ਤੋਂ ਪਰੇਸ਼ਾਨ ਹਨ ਤੇ ਦੂਜੇ ਪਾਸੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਰਲਿਆ ਪਾਣੀ ਲੋਕਾਂ ਦੇ ਘਰਾਂ ਵਿਚ ਆ ਰਿਹਾ ਹੈ। ਦੱਸਣਯੋਗ ਹੈ ਕਿ ਵਾਰਡ ਨੰਬਰ 6 ਤੋਂ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਕੌਂਸਲਰ ਹਨ। ਜੇਕਰ ਨਗਰ ਕੌਂਸਲ ਦੇ ਪ੍ਰਧਾਨ ਦੇ ਆਪਣੇ ਵਾਰਡ ਦੀ ਗਲੀ ਦਾ ਇਹ ਹਾਲ ਹੈ ਤਾਂ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ।

ਇਸ ਗਲੀ ਦੇ ਵਸਨੀਕਾਂ ਮਨਪ੍ਰਰੀਤ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਭਗਤੂ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਜੈਤੋ ਨੇ ਸੀਵਰੇਜ ਦੀ ਪਾਈਪ ਲਾਈਨ ਪਾਉਣ ਤੇ ਨਵੀਂ ਗਲੀ ਬਣਾਉਣ ਲਈ ਇਸ ਗਲੀ ਦੀ ਪੁਟਾਈ ਕੀਤੀ ਸੀ। ਸੀਵਰੇਜ ਦੀ ਪਾਈਪ ਲਾਈਨ ਪੈਣ ਉਪਰੰਤ ਨਵੀਂ ਗਲੀ ਬਣਾਉਣ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਕਿ ਉਹ ਵਾਰ-ਵਾਰ ਨਗਰ ਕੌਂਸਲ ਪ੍ਰਧਾਨ ਸੁਰਜੀਤ ਸਿੰਘ ਬਾਬਾ ਤੇ ਨਗਰ ਕੌਂਸਲ ਗੇੜੇ ਕੱਢਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਸ ਸਮੱਸਿਆ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ। ਇਹ ਮਾਮਲਾ ਉਹ ਕਈ ਵਾਰੀ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਕੋਲ ਵੀ ਉਠਾ ਚੁੱਕੇ ਹਨ। ਪਰ ਲੋਕਾਂ ਦੀ ਹਾਲ ਘੜੀ ਕਿਸੇ ਨੇ ਵੀ ਬਾਂਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਨਵੀਂ ਗਲੀ ਤਾਂ ਬਣਨੀ ਦੂਰ ਹੈ ਪਹਿਲਾਂ ਬਣੀ ਗਲੀ ਦੀਆਂ ਪੁੱਟੀਆਂ ਇੱਟਾਂ ਵੀ ਖੁਰਦ ਬੁਰਦ ਕੀਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਚਿੱਕੜ ਵਿੱਚ ਗੁਜ਼ਰਨਾ ਪੈ ਰਿਹਾ ਹੈ।

ਇਸ ਦੇ ਨਾਲ ਹੀ ਸਵੇਰੇ ਦੇ ਸਮੇਂ ਸਕੂਲ ਜਾਣ ਵਾਲੇ ਬੱਚੇ ਗਲੀ ਵਿਚ ਖੜ੍ਹੇ ਪਾਣੀ ਤੇ ਚਿੱਕੜ ਵਿਚ ਦੀ ਹੋ ਕੇ ਲੰਘਦੇ ਹਨ। ਘਰਾਂ ਨੇੜਲੇ ਛੱਪੜ ਦਾ ਓਵਰਫਲੋਅ ਹੋ ਕੇ ਪਾਣੀ ਗਲੀ ਵਿਚ ਦੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਰਿਹਾ ਹੈ। ਇਸ ਦੇ ਨਾਲ ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਨ੍ਹਾਂ ਦੇ ਪੀਣ ਵਾਲੀ ਪਾਣੀ ਵਿਚ ਸੀਵਰੇਜ਼ ਰਲਿਆ ਪਾਣੀ ਆ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਲੀ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਈ ਜਾਵੇ। ਇਸ ਸਮੱਸਿਆ ਸਬੰਧੀ ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਦਾ ਪੱਖ ਜਾਣਿਆ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਕੀ ਕਹਿੰਦੇ ਹਨ ਨਗਰ ਕੌਂਸਲ ਦੇ ਜੇਈ

ਗਲੀ ਦੀ ਸਮੱਸਿਆ ਸਬੰਧੀ ਜਦੋਂ ਜੇਈ ਅੰਕੁਸ਼ ਕਪੂਰ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਗਲੀ ਦਾ ਦਫ਼ਤਰੀ ਸਮੇਂ ਅੰਦਰ ਰਿਕਾਰਡ ਦੇਖ ਕੇ ਦੱਸਣਗੇ ਕਿ ਕਿਸ ਕਾਰਨ ਗਲੀ ਬਣਨ ਦਾ ਕੰਮ ਨੇਪਰੇ ਨਹੀਂ ਚੜ੍ਹ ਰਿਹਾ। ਉਹ ਜਲਦੀ ਇਸ ਕੰਮ ਨੂੰ ਕਰਵਾਉਣਗੇ।