ਅਰਸ਼ਦੀਪ ਸੋਨੀ, ਸਾਦਿਕ : ਸਾਦਿਕ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਸੰਨੀ ਅਰੋੜਾ ਦੀ ਫਰਮ ਬਿਸ਼ਨ ਲਾਲ ਐਂਡ ਸੰਨਜ਼ ਤੇ ਗੁਰਮੇਲ ਸਿੰਘ ਪੁੱਤਰ ਨਛੱਤਰ ਸਿੰਘ ਪਿੰਡ ਘੁੱਦੂਵਾਲਾ ਲਗਪਗ 100 ਕੁਵਿੰਟਲ ਝੋਨਾ ਲੈ ਕੇ ਆਇਆ ਤੇ ਇਕ ਹੋਰ ਫਰਮ ਸਾਧੂਵਾਲਾ ਟੇ੍ਡਿੰਗ ਕੰਪਨੀ 'ਤੇ ਵੀ ਝੋਨਾ ਢੇਰੀ ਹੋਇਆ। ਮਾਰਕੀਟ ਕਮੇਟੀ ਸਾਦਿਕ ਦੇ ਸਕੱਤਰ ਪਿ੍ਰਤਪਾਲ ਸਿੰਘ ਕੋਹਲੀ ਤੇ ਮੰਡੀ ਸੁਪਰਵਾਈਜ਼ਰ ਰੇਵਤੀ ਰਮਨ ਤੇ ਆੜ੍ਹਤੀ ਅਤੇ ਨੂੰ ਕਿਸਾਨ ਨੂੰ ਨਵੇਂ ਸ਼ੀਜਨ ਦੀ ਵਧਾਈ ਦਿੱਤੀ ਤੇ ਆਏ ਝੋਨੇ ਦੀ ਗੁਣਵੱਤਾ ਚੈੱਕ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਹਦਾਇਤਾਂ ਮੁਤਾਬਿਕ 17 ਫ਼ੀਸਦੀ ਨਮੀ ਠੀਕ ਹੈ ਪਰ ਹਾਲੇ ਸਫ਼ਾਈ ਹੋਣੀ ਬਾਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਅਤੇ ਸੁੱਕੀ ਫਸਲ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਸਰਕਾਰੀ ਖਰੀਦ ਹੋਣ ਸਮੇਂ ਕੋਈ ਦਿੱਕਤ ਨਾ ਆਵੇ ਤੇ ਮੰਡੀ ਵਿਚ ਫਸਲ ਤੁਲਣ ਤੋਂ ਬਾਅਦ ਆੜ੍ਹਤੀ ਤੋਂ ਆਪਣਾ ਜੇ ਫਾਰਮ ਜ਼ਰੂਰ ਲੈਣ। ਉਨ੍ਹਾਂ ਆੜ੍ਹਤੀਆ ਨੂੰ ਵੀ ਤਾਕੀਦ ਕੀਤੀ ਕਿ ਉਹ ਬਿਨਾਂ ਬੋਲੀ ਤੋਂ ਝੋਨਾ ਨਾ ਵੇਚਿਆ ਜਾਵੇ ਤੇ ਮੰਡੀ ਵਿਚ ਆਈ ਹਰ ਢੇਰੀ ਦਾ ਇੰਦਰਾਜ ਕੀਤਾ ਜਾਵੇ। ਬਿਨਾਂ ਲਿਖਤ ਪੜ੍ਹਤ ਤੋਂ ਝੋਨਾ ਵੇਚਣਾ ਜਾਂ ਵਹੀਕਲਾਂ ਰਾਹੀਂ ਬਾਹਰ ਭੇਜਣ ਵਾਲੇ ਨੂੰ ਵਿਭਾਗੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਮੰਡੀ ਵਿਚ ਫਸਲ ਦੀ ਸੰਭਾਲ ਲਈ ਲੋੜੀਂਦੀਆਂ ਤਰਪਾਲ, ਕਰੇਟ, ਪਾਵਰ ਕਲੀਨਰਾਂ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਕੰਡੇ ਵੱਟੇ ਵਿਭਾਗ ਤੋਂ ਪਾਸ ਹੋਣੇ ਚਾਹੀਦੇ ਹਨ। ਸਕੱਤਰ ਕੋਹਲੀ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਕਰਨ ਲਈ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕਰ ਦਿੱਤੀਆਂ ਹਨ। ਸਾਦਿਕ ਮੰਡੀ ਵਿਚ ਮਾਰਕਫੈੱਡ, ਪਨਸਪ ਅਤੇ ਵੇਅਰ ਹਾਊਸ, ਦੀਪ ਸਿੰਘ ਵਾਲਾ ਵਿਖੇ ਐੱਫਸੀਆਈ, ਪਨਗੇ੍ਨ ਤੇ ਪਨਸਪ, ਡੋਡ ਵਿਚ ਮਾਰਕਫੈੱਡ, ਪਨਸਪ ਅਤੇ ਪਨਗੇ੍ਨ, ਜੰਡ ਸਾਹਿਬ ਵਿਚ ਮਾਰਕਫੈੱਡ ਤੇ ਪਨਗੇ੍ਨ, ਮਹਿਮੂਆਣਾ ਵਿੱਖੇ ਪਨਗੇ੍ਨ ਤੇ ਵੇਅਰ ਹਾਊਸ, ਮੁਮਾਰਾ ਵਿਚ ਪਨਗੇ੍ਨ, ਕਾਉਣੀ ਸ਼ੇਰ ਸਿੰਘ ਵਾਲਾ ਤੇ ਸੁੱਖਣਵਾਲਾ ਵਿਚ ਪਨਸਪ ਵੱਲੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ। ਮੰਡੀਆਂ ਵਿਚ ਸਫ਼ਾਈ, ਪਾਣੀ, ਛਾਂ ਅਤੇ ਬਿਜਲੀ ਦੇ ਉੱਚਿਤ ਪ੍ਰਬੰਧ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਫਸਲ ਵੇਚਣ ਮੌਕੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਗੁਰਿੰਦਰ ਸਿੰਘ ਸੰਧੂ, ਸੰਦੀਪ ਕੁਮਾਰ, ਰਾਜਵਿੰਦਰ ਸਿੰਘ ਵੀ ਹਾਜ਼ਰ ਸਨ।