ਟ੍ਰੈਫ਼ਿਕ ਸਮੱਸਿਆ ਦਾ ਹੋਵੇ ਹੱਲ : ਡਾ. ਗੁਰਚਰਨ ਭਗਤੂਆਣਾ
ਲੋਕਾਂ ਨੂੰ ਟ੍ਰੈਫ਼ਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਦਾ ਯਤਨ ਕਰੇ ਪ੍ਰਸ਼ਾਸਨ : ਡਾ. ਗੁਰਚਰਨ ਭਗਤੂਆਣਾ
Publish Date: Tue, 02 Dec 2025 04:17 PM (IST)
Updated Date: Tue, 02 Dec 2025 04:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਉੱਘੇ ਸਮਾਜ ਸੇਵੀ ਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਜੈਤੋ ਸ਼ਹਿਰ ’ਚ ਗੰਭੀਰ ਹੁੰੰਦੀ ਜਾ ਰਹੀ ਟ੍ਰੈਫ਼ਿਕ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਕਸ ਪ੍ਰਬੰਧਾਂ ਦੀ ਤਿੱਖੀ ਆਲੋਚਨਾ ਕਰਦਿਆਂ ਮੰਗ ਕੀਤੀ ਕਿ ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਟ੍ਰੈਫ਼ਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਯਤਨ ਕਰੇ। ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਚੰਦ ਕੁ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੀ ਵਿਗੜੀ ਹੋਈ ਟ੍ਰੈਫ਼ਿਕ ਵਿਵਸਥਾ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਵੀ ਹੈ। ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸ਼ਹਿਰ ਦੀਆਂ ਸੜਕਾਂ ’ਤੇ ਦੁਕਾਨਾਂ ਅੱਗੇ ਖੜ੍ਹਦੀਆਂ ਗੱਡੀਆਂ, ਸਕੂਟਰਾਂ, ਮੋਟਰਸਾਈਕਲਾਂ, ਟਰੈਕਟਰ-ਟਰਾਲੀਆਂ ਅਤੇ ਹੋਰ ਵਹੀਕਲਾਂ ਲਈ ਸ਼ਹਿਰ ਵਿਚ ਖ਼ਾਲੀ ਪਈਆਂ ਥਾਵਾਂ ’ਤੇ ਪਾਰਕਿੰਗ ਦਾ ਪ੍ਰਬੰਧ ਕਰੇ। ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ, ਦਿਨ ਵੇਲੇ ਲੰਘਣ ਵਾਲੇ ਟਿੱਪਰਾਂ ਨੂੰ ਨੱਥ ਪਾਏ ਜਾਵੇ। ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਡਾ. ਪ੍ਰਗਿਆ ਜੈਨ (ਆਈਪੀਐੱਸ), ਸਬ-ਡਵੀਜ਼ਨ ਜੈਤੋ ਦੇ ਡੀਐੱਸਪੀ ਇਕਬਾਲ ਸਿੰਘ ਸੰਧੂ ਅਤੇ ਥਾਣਾ ਜੈਤੋ ਦੇ ਐੱਸਐੱਚਓ ਇੰਸਪੈਕਟਰ ਨਵਪ੍ਰੀਤ ਸਿੰਘ ਸੰਧੂ ਨੂੰ ਇਸ ਮਾਮਲੇ ’ਚ ਖ਼ੁਦ ਦਿਲਚਸਪੀ ਲੈਂਦੇ ਹੋਏ ਲੋਕਾਂ ਦੀ ਮੁਸ਼ਕਿਲ ਨੂੰ ਸਮਝਣਾ ਪੈਂਦਾ ਹੈ। ਡਾ. ਗੁਰਚਰਨ ਭਗਤੂਆਣਾ ਨੇ ਕਿਹਾ ਕਿ ਲੋਕ ਘੰਟਿਆਂਬੱਧੀ ਸ਼ਹਿਰ ਦੀ ਟ੍ਰੈਫ਼ਿਕ ’ਚ ਫਸੇ ਹੋਏ ਵੇਖਣ ਨੂੰ ਮਿਲ ਰਹੇ ਹਨ। ਹਾਲਾਤ ਉਸ ਸਮੇਂ ਬੇਹੱਦ ਗੰਭੀਰ ਬਣ ਜਾਂਦੇ ਹਨ ਜਦੋਂ ਟ੍ਰੈਫ਼ਿਕ ਜਾਮ ਵਿਚ ਫਸੀ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਮਿਲਦਾ।