ਯੂਨੀਵਰਸਿਟੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਵਿਗਿਆਨਕ ਸੋਚ ਦਾ ਮਹੱਤਵ’ ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ
ਯੂਨੀਵਰਸਿਟੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਵਿਗਿਆਨਕ ਸੋਚ ਦਾ ਮਹੱਤਵ’ ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ
Publish Date: Wed, 12 Nov 2025 04:28 PM (IST)
Updated Date: Wed, 12 Nov 2025 04:28 PM (IST)

- ਕੌਮਾਂਤਰੀ ਲੇਖ ਮੁਕਾਬਲੇ ਵਿਚ ਤੀਜੇ ਸਥਾਨ ’ਤੇ ਰਹਿਣ ਵਾਲੀ ਵਿਦਿਆਰਥਣ ਗੁਰਲੀਨ ਕੌਰ ਨੂੰ ਮਿਲਿਆ ਵਿਸ਼ੇਸ਼ ਸਨਮਾਨ ਭੋਲਾ ਸ਼ਰਮਾ, ਪੰਜਾਬੀ ਜਾਗਰਣ ਜੈਤੋ : ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਯੂਨੀਵਰਸਿਟੀ ਕਾਲਜ ਜੈਤੋ ਵੱਲੋਂ ‘ਵਿਗਿਆਨਕ ਸੋਚ ਦਾ ਮਹੱਤਵ’ ਵਿਸ਼ੇ ’ਤੇ ਪਦਮਸ਼੍ਰੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਲਾਇਬ੍ਰੇਰੀ ਵਿਖੇ ਵਿਚਾਰ-ਚਰਚਾ ਕਰਵਾਈ ਗਈ, ਜਿਸ ਦੇ ਮੁੱਖ ਬੁਲਾਰੇ ਰਾਜਪਾਲ ਸਿੰਘ ਮੁੱਖ ਸੰਪਾਦਕ ‘ਤਰਕਸ਼ੀਲ’ ਮੈਗ਼ਜ਼ੀਨ ਸਨ। ਪ੍ਰਧਾਨਗੀ ਕਾਲਜ ਦੇ ਸੀਨੀਅਰ ਮੋਸਟ ਪ੍ਰਾਧਿਆਪਕ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਕੀਤੀ। ਇਸ ਵਿਚਾਰ-ਚਰਚਾ ਮੌਕੇ ਤਰਕਸ਼ੀਲ ਸੁਸਾਇਟੀ ਤੋਂ ਰਵਿੰਦਰ ਰਾਹੀ, ਭੁਪਿੰਦਰ ਸਿੰਘ ਅਤੇ ਹਰਮੇਲ ਪ੍ਰੀਤ ਉਚੇਚੇ ਤੌਰ ’ਤੇ ਸ਼ਾਮਲ ਸਨ। ਵਿਚਾਰ-ਚਰਚਾ ਦਾ ਸਬੱਬ ਕਾਲਜ ਦੀ ਵਿਦਿਆਰਥਣ ਗੁਰਲੀਨ ਕੌਰ ਵੱਲੋਂ ਕੌਮਾਂਤਰੀ ਲੇਖ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਸਦਕਾ ਬਣਿਆ। ਇਹ ਲੇਖ ਮੁਕਾਬਲਾ ਅਦਾਰਾ ‘ਤਰਕਸ਼ੀਲ’ ਵੱਲੋਂ ਆਨਲਾਈਨ ਕਰਵਾਇਆ ਗਿਆ ਸੀ, ਜਿਸ ਵਿਚ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਹਿੱਸਾ ਲੈ ਸਕਦਾ ਸੀ। ਇਸ ਮੁਕਾਬਲੇ ਵਿਚ ਪਹਿਲੇ ਸਥਾਨ ’ਤੇ ਇੱਕ ਪ੍ਰਬੁਧ ਅਧਿਆਪਕ ਰਿਹਾ, ਦੂਜੇ ਸਥਾਨ ’ਤੇ ਵੀ ਪ੍ਰੋੜ ਉਮਰ ਦਾ ਪ੍ਰਤੀਭਾਗੀ ਰਿਹਾ ਅਤੇ ਤੀਜੇ ਸਥਾਨ ’ਤੇ ਯੂਨੀਵਰਸਿਟੀ ਕਾਲਜ ਦੀ ਵਿਦਿਆਰਥਣ ਗੁਰਲੀਨ ਕੌਰ ਰਹੀ। ਲੇਖ ਮੁਕਾਬਲੇ ਦਾ ਸਿਰਲੇਖ ਬਾਬਾ ਨਜ਼ਮੀ ਦੀ ਕਵਿਤਾ ਦੀ ਸਤਰ ਸੀ-‘ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ’। ਅਦਾਰੇ ਦੀ ਸ਼ਾਨਦਾਰ ਕੋਸ਼ਿਸ਼ ਇਹ ਸੀ ਕਿ ਲੇਖ-ਮੁਕਾਬਲੇ ਦੇ ਜੇਤੂ ਨੂੰ ਨਕਦ ਇਨਾਮ ਤੇ ਮੈਗ਼ਜ਼ੀਨ ਉਸ ਦੇ ਕੋਲ ਜਾ ਕੇ ਪ੍ਰਦਾਨ ਕੀਤਾ ਜਾਵੇ। ਇਸ ਤਰ੍ਹਾਂ ਗੁਰਲੀਨ ਕੌਰ ਦਾ ਵਿਸ਼ੇਸ਼ ਸਨਮਾਨ ਇਸ ਵਿਚਾਰ-ਚਰਚਾ ਦਾ ਵਿਸ਼ਾ ਬਣਿਆ। ਇਸ ਲੇਖ-ਮੁਕਾਬਲੇ ਵਿਚ ਪੰਜਾਬੀ ਵਿਭਾਗ ਦੀ ਲੈਕਚਰਾਰ ਪ੍ਰੋ. ਗੁਰਜੀਤ ਕੌਰ ਦੀ ਨਿਰਦੇਸ਼ਨਾਂ ਹੇਠ ਪੰਜ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ ਵਿਚ ਗੁਰਲੀਨ ਕੌਰ ਤੋਂ ਇਲਾਵਾ ਸਤਵੀਰ ਕੌਰ, ਖ਼ੁਸ਼ਦੀਪ ਕੌਰ, ਮਮਤਾ ਅਤੇ ਤਰੁਨ ਸ਼ਾਮਲ ਸਨ ਉਨ੍ਹਾਂ ਨੂੰ ਵੀ ਮੈਗ਼ਜ਼ੀਨ ਦੀ ਕਾਪੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਇਸ ਲੇਖ ਮੁਕਾਬਲੇ ਦੇ ਜੇਤੂਆਂ ਦੇ ਲੇਖ ਤਰਕਸ਼ੀਲ ਨੇ ਆਪਣੇ ਤਾਜ਼ਾ ਅੰਕ ਵਿਚ ਛਾਪੇ ਹਨ। ਡਾ. ਪਰਮਿੰਦਰ ਸਿੰਘ ਤੱਗੜ ਨੇ ਮੁੱਖ ਬੁਲਾਰੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪਾਲ ਸਿੰਘ ਇਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਵਿਗਿਆਨ ਅਤੇ ਸਾਹਿਤ ਨੂੰ ਅਧਾਰ ਬਣਾ ਕੇ ਗਿਆਰਾਂ ਪੁਸਤਕਾਂ ਸਾਹਿਤ ਦੀ ਝੋਲ਼ੀ ਪਾਈਆਂ ਹਨ। ਇਨ੍ਹਾਂ ਆਪਣੇ ਅਧਿਆਪਨ ਕਿੱਤੇ ਦੌਰਾਨ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾ ਕੇ ਸਾਹਿਤ ਨਾਲ ਜੋੜਨ ਲਈ ਸਫ਼ਲ ਯਤਨ ਕੀਤੇ ਹਨ ਅਤੇ ਹੁਣ ਕੁਲਵਕਤੀ ਤੌਰ ’ਤੇ ਤਰਕਸ਼ੀਲ ਮੈਗ਼ਜ਼ੀਨ ਲਈ ਸੇਵਾਵਾਂ ਦੇ ਰਹੇ ਹਨ। ਮੁੱਖ ਵਕਤਾ ਵੱਲੋਂ ਆਪਣੇ ਭਾਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਤ ਹੁੰਦਿਆਂ ਉਦਾਹਰਣਾਂ ਸਹਿਤ ਵਿਗਿਆਨਕ ਸੋਚ ਨੂੰ ਪ੍ਰਚੰਡ ਕਰਨ ਦਾ ਸੁਨੇਹਾ ਦਿੱਤਾ। ਸਮਾਗਮ ਦਾ ਸੰਚਾਲਨ ਕਰਦਿਆਂ ਐੱਮਏ ਪੰਜਾਬੀ ਭਾਗ ਪਹਿਲਾ ਦੇ ਵਿਦਿਆਰਥੀ ਜਗਸੀਰ ਸਿੰਘ ਨੇ ਆਧੁਨਿਕਤਾ ਅਤੇ ਵਿਗਿਆਨਕ ਸੋਚ ਦੇ ਹਵਾਲੇ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ. ਰੁਪਿੰਦਰਪਾਲ ਸਿੰਘ ਧਰਮਸੋਤ ਨੇ ਧੰਨਵਾਦ ਦੀ ਰਸਮ ਅਦਾ ਕਰਦਿਆਂ ਰੁੱਖਾਂ ਦੇ ਮੁੱਢਾਂ ਨਾਲ ਖੰਮਣੀਆਂ ਬੰਨ ਕੇ ਤੇ ਜੜ੍ਹਾਂ ਵਿਚ ਤੇਲ ਪਾ ਕੇ ਉਨ੍ਹਾਂ ਦਾ ਵਜੂਦ ਖ਼ਤਰੇ ’ਚ ਪਾਉਣ ਦੀ ਬਜਾਏ ਵਿਭਿੰਨ੍ਹ ਥਾਵਾਂ ’ਤੇ ਰੁੱਖ ਲਾ ਕੇ ਪਾਲਣ ਦੀ ਤਾਕੀਦ ਕੀਤੀ। ਕਾਲਜ ਲਾਇਬ੍ਰੇਰੀ ਨੂੰ ਤਰਕਸ਼ੀਲ ਅਦਾਰੇ ਵੱਲੋਂ ਕੁਝ ਪੁਸਤਕਾਂ ਤੇ ਮੈਗ਼ਜ਼ੀਨ ਭੇਟ ਕੀਤੇ ਗਏ। ਸਮਾਗਮ ਦੇ ਪ੍ਰਬੰਧਕ ਪ੍ਰੋ. ਗੁਰਜੀਤ ਕੌਰ ਤੇ ਲਾਇਬ੍ਰੇਰੀਅਨ ਮੀਨਾਕਸ਼ੀ ਜੋਸ਼ੀ ਸਨ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ, ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਅਰੋੜਾ, ਪ੍ਰੋ. ਲਲਿਤ ਗਰਗ, ਪ੍ਰੋ. ਜਗਸੀਰ ਸਿੰਘ ਗਿੱਲ, ਡਾ. ਲਖਵਿੰਦਰ ਸਿੰਘ ਬਰਾੜ, ਡਾ. ਜਸਵਿੰਦਰ ਕੌਰ ਵਿੜਿੰਗ, ਪ੍ਰੋ. ਸੁਮਨ ਸ਼ਾਮਲ ਸਨ। ਤਰੁਨਪ੍ਰੀਤ ਕੌਰ ਨੇ ਆਪਣੇ ਸਹਿਪਾਠੀਆਂ ਸਮੇਤ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਵਿਦਿਆਰਥੀ ਅਰਮਾਨ ਵੱਲੋਂ ਤਸਵੀਰਾਂ ਰਾਹੀਂ ਯਾਦਗਾਰੀ ਪਲਾਂ ਨੂੰ ਸਾਂਭਿਆ ਗਿਆ।