ਫ਼ਰੀਦਕੋਟ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਦਸਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਰੂਪ 'ਚ ਜ਼ਖ਼ਮੀ
ਫ਼ਰੀਦਕੋਟ ਦੇ ਬੱਸ ਸਟੈਂਡ ਨੇੜੇ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦਸਵੀਂ ਜਮਾਤ ਦਾ ਇੱਕ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਪ੍ਰਭਕਰਨ ਸਿੰਘ ਆਪਣੀ ਸਕੂਟੀ 'ਤੇ ਟਿਊਸ਼ਨ ਤੋਂ ਘਰ ਪਰਤ ਰਿਹਾ ਸੀ।
Publish Date: Tue, 09 Jun 2026 03:01 PM (IST)
Updated Date: Tue, 09 Jun 2026 03:05 PM (IST)
ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ - ਫ਼ਰੀਦਕੋਟ ਦੇ ਬੱਸ ਸਟੈਂਡ ਨੇੜੇ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦਸਵੀਂ ਜਮਾਤ ਦਾ ਇੱਕ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਪ੍ਰਭਕਰਨ ਸਿੰਘ ਆਪਣੀ ਸਕੂਟੀ 'ਤੇ ਟਿਊਸ਼ਨ ਤੋਂ ਘਰ ਪਰਤ ਰਿਹਾ ਸੀ।
ਇਸ ਦੌਰਾਨ ਰਸਤੇ ਵਿੱਚ ਖੜ੍ਹੀ ਨਗਰ ਕੌਂਸਲ ਦੀ ਪਾਣੀ ਦੀ ਟੈਂਕੀ ਵਾਲੀ ਟ੍ਰਾਲੀ/ਟਰੈਕਟਰ ਨਾਲ ਉਸਦੀ ਸਕੂਟੀ ਹਲਕੀ ਜਿਹੀ ਟਕਰਾ ਗਈ, ਜਿਸ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ 'ਤੇ ਡਿੱਗ ਪਿਆ। ਚਸ਼ਮਦੀਦਾਂ ਮੁਤਾਬਕ ਜਿਵੇਂ ਹੀ ਵਿਦਿਆਰਥੀ ਸੜਕ 'ਤੇ ਡਿੱਗਿਆ ਤਾਂ ਪਿੱਛੋਂ ਆ ਰਹੀ ਪਸ਼ੂਆਂ ਦੀ ਫੀਡ (ਚਾਰੇ) ਨਾਲ ਭਰੀ ਟ੍ਰਾਲੀ ਦਾ ਪਿਛਲਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ। ਇਸ ਹਾਦਸੇ ਵਿੱਚ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਇੱਕ ਲੱਤ ਬੁਰੀ ਤਰ੍ਹਾਂ ਕੁਚਲੀ ਗਈ। ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਟ੍ਰਾਲੀ ਦੇ ਹੇਠੋਂ ਬਾਹਰ ਕੱਢਿਆ।
ਘਟਨਾ ਦੇ ਗਵਾਹ ਅਤੇ ਵਿਦਿਆਰਥੀ ਦੇ ਸਾਥੀ ਜਸਨੂਰ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਟਿਊਸ਼ਨ ਪੜ੍ਹ ਕੇ ਇਕੱਠੇ ਘਰ ਵਾਪਸ ਆ ਰਹੇ ਸਨ। ਦੂਜੇ ਪਾਸੇ ਮੌਕੇ 'ਤੇ ਮੌਜੂਦ ਚਸ਼ਮਦੀਦ ਟੋਨੀ ਗੋਇਲ ਨੇ ਦੋਸ਼ ਲਗਾਇਆ ਕਿ ਸੂਚਨਾ ਦੇਣ ਦੇ ਕਰੀਬ ਅੱਧੇ ਘੰਟੇ ਬਾਅਦ ਵੀ ਐਂਬੂਲੈਂਸ ਗੱਡੀ ਸਮੇਂ ਸਿਰ ਮੌਕੇ 'ਤੇ ਨਹੀਂ ਪਹੁੰਚੀ। ਇਸ ਦੌਰਾਨ ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਟ੍ਰੈਫਿਕ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ। ਸਥਾਨਕ ਲੋਕਾਂ ਨੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਜ਼ਖ਼ਮੀ ਵਿਦਿਆਰਥੀ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫ਼ਰੀਦਕੋਟ ਵਿਖੇ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।