ਪੱਤਰ ਪੇ੍ਰਰਕ, ਕੋਟਕਪੂਰਾ : ਧੀਆਂ ਦਾ ਸਮਾਜ ਵਿਚ ਸਨਮਾਨ ਵਧਾਉਣ ਲਈ ਯਤਨਸ਼ੀਲ ਪੰਜਾਬ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਜੈਕਾਰਾ ਮੂਵਮੈਂਟ ਸੋਸ਼ਲ ਆਰਗੇਨਾਈਜੇਸ਼ਨ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ ਸਨਮਾਨ ਸਮਾਗਮ ਵਿਚ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਸੁਖਦੀਪ ਕੌਰ ਦਾ ਉਸ ਦੀਆਂ ਵੱਡੀਆਂ ਉਪਲਬਧੀਆਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿੱਥੇ ਸੁਖਦੀਪ ਕੌਰ ਦਾ ਸਨਮਾਨ ਕੀਤਾ, ਉੱਥੇ ਉਸ ਨੂੰ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਅਤੇ ਆਸ਼ੀਰਵਾਦ ਦਿੰਦਿਆਂ ਉਸ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਜਥੇਬੰਦੀ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸੁਖਦੀਪ ਕੌਰ ਨੇ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਬਹੁਤ ਚੰਗੇ ਅੰਕ ਲੈ ਕੇ ਆਪਣੀ ਖਾਸ ਜਗ੍ਹਾ ਬਣਾਈ ਹੈ, ਉੱਥੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਥ ਵੈਸਟੀਵਲ ਵਿਚ ਉਹ ਜ਼ੋਨਲ ਪੱਧਰ 'ਤੇ ਕਲਾਸੀਕਲ ਵੋਕਲ ਅਤੇ ਲੋਕ ਗੀਤ ਵਿਚ ਗੋਲਡ ਮੈਡਲ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਉਕਤ ਹੋਣਹਾਰ ਬੇਟੀ ਪੀਟੀਸੀ ਵਾਈਸ ਆਫ ਪੰਜਾਬ ਵਿਚ ਵੀ ਆਪਣੇ ਜੌਹਰ ਦਿਖਾ ਚੁੱਕੀ ਹੈ। ਅਧਿਆਪਕ ਵਿਨੋਦ ਕੁਮਾਰ ਮੁਤਾਬਿਕ ਸੁਖਦੀਪ ਕੌਰ ਦੇ ਅਧਿਆਪਕਾਂ ਅਤੇ ਸੰਗੀਤ ਗੁਰੂਆਂ ਨੇ ਜਿੱਥੇ ਉਸ ਨੂੰ ਸਪੀਕਰ ਸੰਧਵਾਂ ਤੋਂ ਮਿਲੇ ਸਨਮਾਨ ਦੀ ਮੁਬਾਰਕਬਾਦ ਦਿੱਤੀ, ਉੱਥੇ ਸੁਖਦੀਪ ਕੌਰ ਨੇ ਵੀ ਕੁਝ ਧਾਰਮਿਕ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ।