ਜਤਿੰਦਰ ਕੁਮਾਰ ਮਿੱਤਲ, ਬਾਜਾਖਾਨਾ : ਅੰਬ ਦੁਆਬੇ ਦੀ ਧਰਤੀ ਦਾ ਰੁੱਖ ਹੈ। ਇਸੇ ਲਈ ਲੋਕ ਗੀਤਾਂ ਵਿਚ ਕਹਿੰਦੇ ਹਨ ਕਿ 'ਛੱਡ ਕੇ ਦੇਸ਼ ਦੁਆਬਾ ਅੰਬੀਆਂ ਨੂੰ ਤਰਸੇਗੀ'। ਪਰ ਮਾਲਵੇ ਦੀ ਧਰਤੀ 'ਤੇ ਵੀ ਜਦ ਕੋਈ ਕੋਈ ਬੰਦਾ ਅੰਬ ਪੈਦਾ ਕਰ ਲੈਂਦਾ ਹੈ ਤਾਂ ਉਸ ਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ। ਅਜਿਹਾ ਹੀ ਇਕ ਵਿਅਕਤੀ ਹੈ ਬਾਜੇਖਾਨੇ ਪਿੰਡ ਦਾ ਕਰਮਜੀਤ ਬਰਾੜ। ਜੁਗਨੂੰ ਪਟਰੋਲ ਪੰਪ ਵਾਲੇ ਸਵਰਗੀ ਗੁਰਚਰਨ ਸਿੰਘ ਬਰਾੜ ਦੇ ਬੇਟੇ ਕਰਮਜੀਤ ਨੂੰ ਬਚਪਨ ਤੋਂ ਹੀ ਪੇੜ ਪੌਦੇ ਲਾਉਣ ਦਾ ਸ਼ੌਕ ਸੀ। ਬਚਪਨ ਵਿਚ ਜਦ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਤਾਂ ਉਸ ਨੇ ਰੁੱਖਾਂ ਪਰਿੰਦਿਆਂ ਨੂੰ ਹੀ ਆਪਣਾ ਮਿਤਰ ਬਣਾ ਲਿਆ। ਬਠਿੰਡਾ ਰੋਡ 'ਤੇ ਆਪਣੇ ਹਿੱਸੇ ਆਏ ਘਰ ਨਾਲ ਵਗਦੇ ਕੱਸੀ ਦੇ ਖਾਲ ਕੋਲ ਉਸਨੇ ਦੇਸੀ ਅੰਬਾਂ ਦੀਆਂ ਦੋ ਗੁਠਲੀਆਂ 22-23 ਸਾਲ ਪਹਿਲਾਂ ਦੱਬੀਆਂ ਸਨ। ਇਹ ਅੰਬ ਉਗ ਕੇ ਚਾਰ ਸਾਲਾਂ 'ਚ ਹੀ ਵੱਡੇ ਹੋ ਗਏ ਅਤੇ ਫਲ ਦੇਣ ਲੱਗ ਪਏ। ਭਾਵੇਂ ਇਸ ਪੌਦੇ ਨੂੰ ਲਗਦੇ ਅੰਬ ਅਕਾਰ 'ਚ ਛੋਟੇ ਹਨ ਪਰ ਇਹਨਾਂ ਦੀ ਮਿਠਾਸ ਬਹੁਤ ਕਮਾਲ ਦੀ ਹੈ। ਹੁਣ ਕੋਠੀ ਪਾਉਣ ਵੇਲੇ ਇਕ ਅੰਬ ਦਾ ਰੁੱਖ ਤਾਂ ਕੋਠੀ ਦੀਆਂ ਕੰਧਾਂ ਦੀ ਭੇਟ ਚੜ੍ਹ ਗਿਆ ਪਰ ਇਕ ਅੰਬ ਜੋ ਕਾਫੀ ਵੱਡ ਅਕਾਰੀ ਹੈ ਉਸਨੇ ਬਚਾ ਲਿਆ। ਇਹ ਅੰਬ ਇਸ ਵੇਲੇ ਪੂਰਾ ਫਲ ਦਾ ਭਰਿਆ ਹੋਇਆ ਹੈ ਅਤੇ ਜੂਨ ਦੇ ਅਖੀਰ ਤੱਕ ਇਸਦੇ ਅੰਬ ਪੱਕ ਜਾਣਗੇ। ਕਰਮਜੀਤ ਅਕਸਰ ਹੀ ਇਸ ਰੁੱਖ ਦੇ ਮਿੱਠੇ ਅੰਬ ਰਿਸ਼ਤੇਦਾਰੀਆਂ ਅਤੇ ਦੋਸਤਾਂ-ਮਿੱਤਰਾਂ ਵਿਚ ਵੰਡ ਦਿੰਦਾ ਹੈ। ਉਸਦਾ ਕਹਿਣਾ ਹੈ ਕਿ ਜੋ ਮਾਨਸਿਕ ਸੁੱਖ ਉਸ ਨੂੰ ਇਸ ਅੰਬ ਦੀ ਛਾਵੇਂ ਬਹਿ ਕੇ ਮਿਲਦਾ ਹੈ ਉਹ ਕੋਠੀ ਦੇ ਏਸੀ ਕਮਰਿਆਂ ਵਿਚ ਬੈਠ ਕੇ ਨਹੀਂ ਮਿਲਦਾ ਤੇ ਨਾ ਹੀ ਬਾਜ਼ਾਰੂ ਅੰਬਾਂ ਦਾ ਇਸ ਅੰਬ ਵਰਗਾ ਸਵਾਦ ਹੈ। ਉਸ ਦੇ ਭਰਾ ਸੁਖਵੰਤ ਬਰਾੜ ਜੁਗਨੂੰ ਵੀ ਰੁੱਖ ਲਾਉਣ ਦਾ ਸ਼ੌਕ ਹੈ ਪਰ ਪਿਛਲੇ ਸਾਲ ਬਠਿੰਡਾ ਰੋਡ 'ਤੇ ਹਾਈਵੇ ਬਣਨ ਕਾਰਨ ਉਸ ਦੀ ਇਕ ਪੁਰਾਣੀ ਖਜੂਰ ਅਤੇ ਹੋਰ ਕਈ ਪੁਰਾਣੇ ਰੁੱਖ ਸੜਕ ਦੀ ਭੇਟ ਚੜ੍ਹ ਗਏ। ਹਰ ਤਰ੍ਹਾਂ ਦੇ ਨਸ਼ੇ ਤੋਂ ਰਹਿਤ ਅੰਮਿ੍ਤਧਾਰੀ ਕਰਮਜੀਤ ਸਿੰਘ ਬਰਾੜ ਦਾ ਕਹਿਣਾ ਹੈ ਸਾਨੂੰ ਆਪਣੇ ਘਰਾਂ ਵਿਚ ਇਸ ਤਰ੍ਹਾਂ ਦੇ ਪੁਰਾਣੇ ਰੁੱਖ ਲਾ ਕੇ ਕੁਦਰਤ ਦੇ ਨੇੜੇ ਹੋਣਾ ਚਾਹੀਦਾ ਹੈ, ਇਹਨਾਂ ਦੀ ਛਾਂ ਮਾਨਣੀ ਚਾਹੀਦੀ ਹੈ ਅਤੇ ਏ ਸੀ ਕਮਰਿਆਂ ਦੀ ਨਕਲੀ ਠੰਢਕ ਤੋਂ ਬਚਣਾ ਚਾਹੀਦਾ ਹੈ। ਇਲਾਕੇ ਦੇ ਲੋਕ ਅਕਸਰ ਹੀ ਕਰਮਜੀਤ ਦੇ ਇਸ ਅੰਬ ਨੂੰ ਦੇਖ ਕੇ ਉਸ ਨੂੰ ਦਾਦ ਦਿੰਦੇ ਹਨ।