ਪੱਤਰ ਪੇ੍ਰਰਕ, ਫਰੀਦਕੋਟ : ਸਿਵਲ ਸਰਜਨ ਡਾ. ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਰੀਦਕੋਟ ਜ਼ਿਲ੍ਹੇ ਅਧੀਨ ਸ਼ਹਿਰ ਤੇ ਹਰ ਪਿੰਡ ਕਸਬੇ ਵਿੱਚ ਕੋਰੋਨਾ ਤੋਂ ਬਚਾਅ ਲਈ ਵੱਖ-ਵੱਖ ਸਰਗਰਮੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੋਰੋਨਾ ਜਾਗਰੂਕਤਾ, ਸੈਂਪਿਲੰਗ ਤੇ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਸਥਾਨਕ ਵੈਕਸੀਨ ਸਟੋਰ ਸਿਵਲ ਹਸਪਤਾਲ ਵਿਖੇ ਫਰੀਦਕੋਟ ਛਾਉਣੀ ਵਿੱਚ ਤਇਨਾਤ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਮੌਕੇ ਬੀ.ਈ.ਈ ਡਾ. ਪ੍ਰਭਦੀਪ ਸਿੰਘ ਚਾਵਲਾ, ਐਲ.ਐਚ.ਵੀ ਸੁਰਿੰਦਰ ਕੌਰ, ਮਲਟੀ ਪਰਪਜ਼ ਹੈਲਥ ਵਰਕਰ ਸੁਖਜਿੰਦਰ ਸਿੰਘ ਸਬ-ਸੈਂਟਰ ਚੰਦਬਾਜਾ ਤੇ ਲਖਵੀਰ ਸਿੰਘ ਸਬ-ਸੈਂਟਰ ਪੱਕਾ ਨੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਤੇ ਜਾਣਕਾਰੀ ਸਾਂਝੀ ਕਰਕੇ ਕੈਂਪ ਨੂੰ ਸਫਲ ਬਣਾਇਆ। ਇਸ ਮੌਕੇ ਡਾ. ਪ੍ਰਭਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਇਸ ਕੋਰੋਨਾ ਟੀਕਾਕਰਨ ਮੁਹਿੰਮ 'ਚ ਲੋਕ ਹੁਣ ਅਫਵਾਹਾਂ ਤੋਂ ਸੁਚੇਤ ਹੋ ਕੇ ਬਿਨਾਂ ਕਿਸੇ ਡਰ ਤੋਂ ਸਿਹਤ ਵਿਭਾਗ ਦਾ ਸਹਿਯੋਗ ਦੇ ਰਹੇ ਹਨ, ਜ਼ਿਅਦਾਤਰ ਪਿੰਡ ਤਾਂ ਟੀਕਾਕਰਨ ਦਾ ਟੀਚਾ ਆਉਣ ਵਾਲੇ ਕੁੱਝ ਦਿਨਾਂ ਵਿਚ ਹੀ ਪੂਰਾ ਕਰ ਲੈਣਗੇ। ਉਨ੍ਹਾਂ ਦੱਸਿਆ ਕਿ ਬਲਾਕ ਦੇ ਸਮੂਹ ਸਬ-ਸੈਂਟਰਾਂ ਨੂੰ ਟੀਕਾਕਰਨ ਦਾ ਸੌ ਫ਼ੀਸਦੀ ਕੰਮ ਪੂਰਾ ਕਰ ਚੁੱਕੇ ਪਿੰਡਾਂ ਦਾ ਨਾਮ ਅੰਕੜਿਆਂ ਸਹਿਤ ਪੇਸ਼ ਕਰਨ ਸਬੰਧੀ ਜਾਣਕਾਰੀ ਭੇਜ ਦਿੱਤੀ ਗਈ ਹੈ ਤਾਂ ਜੋ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਟੀਚਾ ਪੂਰਾ ਕਰਨ ਵਾਲੇ ਪਿੰਡਾਂ ਸਬੰਧੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਸਮੇਂ ਸਿਰ ਭੇਜੀ ਜਾ ਸਕੇ। ਉਨ੍ਹਾਂ ਟੀਕਾਕਰਨ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰ ਰਹੀਆਂ ਪੰਚਾਇਤਾਂ, ਕਲੱਬ, ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ। ਕੈਂਪ ਵਿੱਚ 87 ਵਿਅਕਤੀਆਂ ਦਾ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ।