ਪੱਤਰ ਪ੍ਰੇਰਕ, ਕੋਟਕਪੂਰਾ : ਨਰਸਿੰਗ ਟੇ੍ਰਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਪ੍ਰਧਾਨਗੀ ਦਾ ਚਾਰਜ ਸੰਭਾਲਣ ਤੋਂ ਬਾਅਦ ਸੋਮਵਾਰ ਨੂੰ ਓਪੀ ਸੋਨੀ ਕੈਬਨਿਟ ਮੰਤਰੀ ਮੈਡੀਕਲ ਐਜੂਕੇਸ਼ਨ ਪੰਜਾਬ ਨਾਲ ਉਨ੍ਹਾਂ ਦੇ ਚੰਡੀਗੜ੍ਹ ’ਚ ਸਥਿਤ ਦਫ਼ਤਰ ’ਚ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਰਸਿੰਗ ਕਾਲਜਾਂ ਦੇ ਮਾਲਕਾਂ, ਸੰਚਾਲਕਾਂ ਤੇ ਸਟਾਫ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੁੂ ਕਰਵਾਇਆ। ਇਸ ਮੌਕੇ ਓਪੀ ਸੋਨੀ ਨੇ ਡਾ. ਢਿੱਲੋਂ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ। ਮੁਲਾਕਾਤ ਦੌਰਾਨ ਡਾ. ਢਿੱਲੋਂ ਨੇ ਮੰਤਰੀ ਓਪੀ ਸੋਨੀ ਨੂੰ ਦੱਸਿਆ ਕਿ ਨਰਸਿੰਗ ਕਾਲਜਾਂ ਅਤੇ ਵਿਦਿਆਰਥਣਾਂ ਦਾ ਕੋਰੋਨਾ ਵਾਇਰਸ ਦੇ ਇਸ ਸੰਕਟ ਭਰੇ ਸਮੇਂ ’ਚ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ’ਚ ਵੱਡਮੁੱਲਾ ਯੋਗਦਾਨ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਨਰਸਿੰਗ ਦੀ ਪੜ੍ਹਾਈ ਕਰ ਰਹੀਆਂ ਵਿਦਿਆਰਥਣਾਂ ਨੇ ਕੋਰੋਨਾ ਦੇ ਸੰਕਟ ਸਮੇਂ ਜਿੱਥੇ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ, ਉੱਥੇ ਕਈ ਦੁਖੀਆਂ ਤੇ ਬੇਸਹਾਰਾ ਲੋਕਾਂ ਦਾ ਸਹਾਰਾ ਵੀ ਬਣੀਆਂ। ਡਾ. ਢਿੱਲੋਂ ਨੇ ਮੰਤਰੀ ਨੂੰ ਦੱਸਿਆ ਕਿ ਨਰਸਿੰਗ ਕਾਲਜਾਂ ਦੀ ਕਰੋੜਾਂ ਰੁਪਏ ਦੀ ਸਕਾਲਰਸ਼ਿਪ ਸਕੀਮ ਵਾਲੀ ਰਕਮ ਬਕਾਇਆ ਹੋਣ ਕਰਕੇ ਕਾਲਜਾਂ ਦੇ ਮਾਲਕਾਂ, ਸੰਚਾਲਕਾਂ ਅਤੇ ਸਟਾਫ ਨੂੰ ਦਿੱਕਤਾਂ ਆਉਣੀਆਂ ਸੁਭਾਵਿਕ ਹਨ ਕਿਉਂਕਿ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਦੇ ਸਕੂਲ-ਕਾਲਜ ਬੰਦ ਰਹਿਣ ਕਾਰਨ ਹੋਏ ਨੁਕਸਾਨ ਦਾ ਖਮਿਆਜਾ ਵੀ ਕਾਲਜ ਪ੍ਰਬੰਧਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਲਜਾਂ ਦੀ ਸਕਾਲਰਸ਼ਿਪ ਸਕੀਮ ਵਾਲੀ ਬਕਾਇਆ ਰਕਮ ਦਿਵਾਉਣ ’ਚ ਮਦਦ ਕੀਤੀ ਜਾਵੇ ਅਤੇ ਸਰਕਾਰ ਵੱਲੋਂ ਨਰਸਿੰਗ ਦੀਆਂ ਸੇਵਾਵਾਂ ਨਿਭਾਅ ਰਹੇ ਕਾਲਜਾਂ ਨੂੰ ਗ੍ਰਾਂਟਾਂ ਵੀ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਾਲਜ ਪ੍ਰਬੰਧਕ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਬਣਦਾ ਯੋਗਦਾਨ ਪਾਉਂਦੇ ਰਹਿਣ। ਮੰਤਰੀ ਓਪੀ ਸੋਨੀ ਨੇ ਭਰੋਸਾ ਦਿੱਤਾ ਕਿ ਸਾਰੇ ਨਰਸਿੰਗ ਕਾਲਜਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ ਅਤੇ ਜਲਦ ਹੀ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਇਕ ਮੀਟਿੰਗ ਵੀ ਕਰਨਗੇ।

Posted By: Jagjit Singh