ਜੇਐੱਨਐੱਨ, ਫਰੀਦਕੋਟ : ਫਰੀਦਕੋਟ ਰਿਆਸਤ ਦੇ ਰਾਜਾ ਹਰਿੰਦਰ ਸਿੰਘ ਦੇ ਰਾਜ ਮਹਿਲ 'ਤੇ ਕਬਜ਼ੇ ਦੀ ਕੋਸ਼ਿਸ਼ ਦੀ ਜਾਂਚ ਹੁਣ ਐੱਸਆਈਟੀ ਕਰੇਗੀ। ਰਾਜ ਮਹਿਲ 'ਤੇ ਸ਼ੁੱਕਰਵਾਰ ਨੂੰ ਕਬਜ਼ੇ ਦਾ ਯਤਨ ਕੀਤਾ ਗਿਆ ਸੀ। ਅੱਧਾ ਦਰਜਨ ਲੋਕਾਂ ਨੇ ਸ਼ੁੱਕਰਵਾਰ ਨੂੰ ਰਾਜ ਮਹਿਲ 'ਚ ਆ ਕੇ ਗਾਰਡਾਂ ਨੂੰ ਬਾਹਰ ਕੱਢ ਕੇ ਅੰਦਰੋਂ ਤਾਲਾ ਲਾ ਲਿਆ ਸੀ। ਇਸ ਸਬੰਧੀ ਰਾਜ ਮਹਿਲ ਦੀ ਦੇਖਭਾਲ ਕਰ ਰਹੇ ਟਰੱਸਟ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਹਾਲੇ ਤਕ ਪੁਲਿਸ ਨੇ ਇਸ ਬਾਰੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਹੈ। ਐੱਸਐੱਸਪੀ ਨੇ ਮਾਮਲੇ ਦੀ ਜਾਂਚ ਐੱਸਆਈਟੀ ਨੂੰ ਸੌਂਪ ਦਿੱਤੀ ਹੈ। ਐੱਸਆਈਟੀ ਇਸ ਤੋਂ ਪਹਿਲਾਂ ਦਰਜ ਹੋਏ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ।

ਐੱਸਆਈਟੀ ਮੁਖੀ ਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਕੀਤੀ ਗਈ ਸ਼ਿਕਾਇਤ ਵੀ ਉਨ੍ਹਾਂ ਨੂੰ ਜਾਂਚ ਲਈ ਮਿਲ ਗਈ ਹੈ। ਫਰੀਦਕੋਟ ਰਿਆਸਤ ਦੀ ਦੇਖਭਾਲ ਕਰਨ ਵਾਲੀ ਮਹਾਰਾਵਲ ਖੀਵਾ ਜੀ ਟਰੱਸਟ ਦੇ ਸੀਆਈਓ ਬੀਐੱਸਐੱਫ ਤੋਂ ਰਿਟਾਇਰਡ ਸਾਬਕਾ ਡੀਆਈਜੀ ਜੰਗੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਚੰਡੀਗੜ੍ਹ ਵਾਸੀ ਰਾਜਕੁਮਾਰੀ ਅੰਮਿ੍ਤਪਾਲ ਕੌਰ ਦੇ ਲੋਕਾਂ ਨੇ ਰਾਜ ਮਹਿਲ 'ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ, ਇਨ੍ਹਾਂ 'ਚੋਂ ਦੋ ਲੋਕਾਂ ਨੂੰ ਉਹ ਨਾਮ ਤੋਂ ਜਾਣਦੇ ਹਨ, ਜਿਨ੍ਹਾਂ 'ਚ ਗਗਨਦੀਪ ਸਿੰਘ ਮਾਨ ਤੇ ਐਡਵੋਕੇਟ ਰਿਪੁਦਮਨ ਸਿੰਘ ਹਨ, ਬਾਕੀ 10 ਤੋਂ 12 ਲੋਕ ਅਣਪਛਾਤੇ ਸਨ। ਉਨ੍ਹਾਂ ਨੇ ਕਿਹਾਕਿ ਰਾਜਕੁਮਾਰੀ ਅੰਮਿ੍ਤਪਾਲ ਕੌਰ ਨੂੰ ਅਦਾਲਤ ਨੇ ਮਾਲਕ ਮੰਨਿਆ ਹੈ ਪਰ ਰਿਆਸਤ ਦੀ ਜਾਇਦਾਦ 'ਤੇ ਕਬਜ਼ਾ ਟਰੱਸਟ ਦਾ ਹੈ। ਟਰੱਸਟ ਦੇ ਚੇਅਰਮੈਨ ਜੈਚੰਦਰ ਮਹਿਤਾਬ ਨੇ ਬਦਲਦੇ ਘਟਨਾਕ੍ਰਮ 'ਤੇ ਨਿਗ੍ਹਾ ਰੱਖਣ ਦੇ ਨਾਲ ਹੀ ਰਿਆਸਤ ਦੀ ਜਾਇਦਾਦ ਦੀ ਸੁਰੱਖਿਆ ਵਧਾਉਣ ਦੀ ਵੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਹਰਿੰਦਰ ਸਿੰਘ ਬਰਾੜ ਦੀ ਜਾਅਲੀ ਵਸੀਅਤ 'ਚ ਨਾਮਜ਼ਦ ਮਹਾਰਾਵਲ ਖੀਵਾ ਜੀ ਟਰੱਸਟ ਦੇ ਚੇਅਰਮੈਨ ਸਮੇਤ 23 ਲੋਕ ਨਾਮਜ਼ਦ ਹਨ, ਜਿਸ ਦੀ ਜਾਂਚ ਐੱਸਪੀ ਐੱਚ ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਐੱਸਆਈਟੀ ਵੱਲੋਂ ਕੀਤੀ ਜਾ ਰਹੀ ਹੈ। ਹੁਣ ਐੱਸਆਈਟੀ ਕੋਲ ਦੋਵਾਂ ਧਿਰਾਂ ਦੀ ਜਾਂਚ ਹੈ, ਜਿਸ 'ਚ ਇਕ ਧਿਰ 'ਚ ਰਾਜਕੁਮਾਰੀ ਅੰਮਿ੍ਤਪਾਲ ਕੌਰ ਤੇ ਦੂਜੀ ਧਿਰ 'ਚ ਟਰੱਸਟ ਸ਼ਾਮਲ ਹੈ।