ਪੰਜਾਬੀ ਜਾਗਰਣ ਟੀਮ, ਫ਼ਰੀਦਕੋਟ : ਕੋਟਕਪੂਰਾ ਗੋਲ਼ੀ ਕਾਂਡ ਮਾਮਲੇ 'ਚ ਪ੍ਰਦਰਸ਼ਨਕਾਰੀਆਂ 'ਤੇ ਦਰਜ ਐੱਫਆਈਆਰ ਦੇ ਰਿਕਾਰਡ 'ਚ ਰੌਂਦ ਗ਼ਾਇਬ ਕਰਨ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ 'ਚ ਦੁਬਾਰਾ ਪੁਲਿਸ ਰਿਮਾਂਡ 'ਤੇ ਚੱਲ ਰਹੇ ਤੱਤਕਾਲੀ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਐੱਸਆਈਟੀ ਦੀ ਬੇਨਤੀ 'ਤੇ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ। ਉਧਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਨਿਗਰਾਨੀ 'ਚ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਤੱਤਕਾਲੀ ਐੱਸਐੱਸਪੀ ਫ਼ਰੀਦਕੋਟ ਸੁਖਮੰਦਰ ਸਿੰਘ ਮਾਨ, ਐੱਸਪੀ ਬਲਬੀਰ ਸਿੰਘ ਤੇ ਡੀਐੱਸਪੀ ਕੋਟਕਪੂਰਾ ਬਲਜੀਤ ਸਿੰਘ ਨੂੰ ਸ਼ਨਿਚਰਵਾਰ ਨੂੰ ਪੇਸ਼ ਹੋਣ ਦੀ ਹਦਾਇਤ ਦਿੱਤੀ ਸੀ ਤੇ ਪੇਸ਼ ਨਾ ਹੋਣ 'ਤੇ ਉਨ੍ਹਾਂ ਨੂੰ ਐਤਵਾਰ ਨੂੰ ਦੁਬਾਰਾ ਤਲਬ ਕੀਤਾ ਗਿਆ ਸੀ। ਐਤਵਾਰ ਨੂੰ ਐੱਸਪੀ ਬਲਬੀਰ ਸਿੰਘ ਤਾਂ ਪੁੱਜੇ ਪਰ ਡੀਐੱਸਪੀ ਦੂਜੀ ਵਾਰ ਵੀ ਐੱਸਆਈਟੀ ਦੇ ਸਾਹਮਣੇ ਪੇਸ਼ ਹੋਣ 'ਚ ਅਸਫਲ ਰਹੇ। ਐੱਸਆਈਟੀ ਉਨ੍ਹਾਂ ਦਾ ਸਾਹਮਣਾ ਤੱਤਕਾਲੀ ਐੱਸਐੱਚਓ ਗੁਰਦੀਪ ਸਿੰਘ ਨਾਲ ਕਰਵਾਉਣਾ ਚਾਹੁੰਦੀ ਸੀ ਜੋ ਐਤਵਾਰ ਤਕ ਪੁਲਿਸ ਰਿਮਾਂਡ 'ਤੇ ਸਨ। ਐੱਸਆਈਟੀ ਦੇ ਸੂਤਰਾਂ ਨੇ ਕਿਹਾ ਕਿ ਇਸ ਸਬੰਧੀ ਅੱਗੇ ਦੀ ਕਾਰਵਾਈ ਛੇਤੀ ਹੀ ਤੈਅ ਕੀਤੀ ਜਾਵੇਗੀ।