ਜੇਐੱਨਐੱਨ, ਫ਼ਰੀਦਕੋਟ: Bargadi Disrespect Case: ਜੇਐੱਮਆਈਸੀ ਸੁਰੇਸ਼ ਕੁਮਾਰ ਦੀ ਅਦਾਲਤ ਨੇ ਬਰਗਾੜੀ ਬੇਅਦਬੀ ਮਾਮਲੇ ਵਿਚ ਨਾਮਜ਼ਦ ਡੇਰਾ ਸੱਚਾ ਸਦਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਥਾਣਾ ਬਾਜਾਖ਼ਾਨਾ ਦੇ ਐੱਸਐੱਚਓ ਨੂੰ ਇਨ੍ਹਾਂ ਤਿੰਨਾਂ ਜਣਿਆਂ ਵਿਰੁੱਧ ਕੇਸ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਅਦਾਲਤ ਦੀ ਤਰਫੋਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਪੇਸ਼ ਹੋਣ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ।

ਇਸ ਸਬੰਧ ਵਿਚ ਅਦਾਲਤ ਦੇ ਹੁਕਮਾਂ 'ਤੇ ਲੰਘੀ 8 ਦਸੰਬਰ ਨੂੰ ਸਿਰਸਾ ਦੇ ਬੱਸ ਸਟੈਂਡ ਤੇ ਸ਼ਾਹ ਸਤਨਾਮ ਚੌਕ ਤੋਂ ਇਲਾਵਾ ਅਦਾਲਤ ਦੀ ਸੂੁਚਨਾ ਪੱਟੀ 'ਤੇ ਨੋਟਿਸ ਦੀਆਂ ਕਾਪੀਆਂ ਲਾ ਕੇ ਪੇਸ਼ੀ ਬਾਰੇ ਇਤਲਾਹ ਕੀਤੀ ਗਈ ਸੀ। ਸੋਮਵਾਰ ਨੂੰ ਇਨ੍ਹਾਂ ਦੇ ਪੇਸ਼ ਨਾ ਹੋਣ 'ਤੇ ਅਦਾਲਤ ਨੇ ਤਿੰਨੋਂ ਜਣੇ ਭਗੌੜੇ ਐਲਾਨ ਦਿੱਤੇ।

ਪੰਜਾਬ ਪੁਲਿਸ ਦੀ ਐੱਸਆਈਟੀ ਨੇ ਬੇਅਦਬੀ ਮਾਮਲਿਆਂ ਦੀ ਪੜਤਾਲ ਕਰਦਿਆਂ ਹੋਇਆਂ ਪਹਿਲੀ ਜੂੁਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਸਰੂਪ ਚੋਰੀ ਹੋਣ ਦੀ ਘਟਨਾ ਸਬੰਧੀ ਡੇਰਾ ਸੱਚਾ ਸੌਦਾ ਦੇ 7 ਪੈਰੋਕਾਰ ਕਾਬੂ ਕੀਤੇ ਸਨ।ਬਾਅਦ ਵਿਚ ਸੱਤਾਂ ਮੁਲਜ਼ਮਾਂ ਸਮੇਤ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਇਲਾਵਾ ਇਸ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟੇ ਨੂੰ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਸਾਰਿਆਂ ਜਣਿਆਂ ਵਿਰੁੱਧ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ।

ਐੱਸਆਈਟੀ ਦਾ ਦਾਅਵਾ ਸੀ ਕਿ ਸਰੂਪ ਚੋਰੀ ਕਰ ਕੇ ਬਰਗਾੜੀ ਵਿਚ ਬੇਅਦਬੀ ਕੀਤੀ ਗਈ ਸੀ। ਕੇਸ ਵਿਚ ਨਾਮਜ਼ਦ ਹੋਣ ਮਗਰੋਂ ਡੇਰੇ ਦੇ ਪੈਰੋਕਾਰ ਸੁਖਜਿੰਦਰ ਸੰਨੀ ਨੇ ਇੱਕੋ ਕੇਸ ਦੇ ਸੀਬੀਆਈ ਤੇ ਪੰਜਾਬ ਪੁਲਿਸ ਵੱਲੋਂ ਇੱਕੋ ਵੇਲੇ ਪੜਤਾਲ ਕੀਤੇ ਜਾਣ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਇਸ 'ਤੇ ਸੁਣਵਾਈ ਮਗਰੋਂ ਹਾਈ ਕੋਰਟ ਨੇ 4 ਜਨਵਰੀ ਨੂੰ ਇਹ ਮਾਮਲਾ ਪੰਜਾਬ ਪੁਲਿਸ ਨੂੰ ਸੌਪਿਆ ਸੀ।